Site icon Amritsar Awaaz

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਰਣਜੀਤ ਐਵੀਨਿਊ ਵਿਖੇ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੀ ਚੰਗੀ ਸਿਹਤ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਵਲੋਂ ਜਨਰਲ ਅਤੇ ਡੈਂਟਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਚੀਫ਼ ਖ਼ਾਲਸਾ ਦੀਵਾਨ ਹਸਪਤਾਲ ਦੇ ਕੁਸ਼ਲ ਮਾਹਰ ਡਾਕਟਰਾਂ ਦੀ ਟੀਮ ਨੇ ਵਿਦਿਆਰਥੀਆਂ ਦਾ ਚੈਕਅਪ ਕੀਤਾ ਅਤੇ ਬੀਮਾਰੀ ਦੇ ਲੱਛਣਾਂ ਨੂੰ ਦੇਖਦਿਆਂ ਹੋਇਆ ਦਵਾਈਆਂ ਵੀ ਦਿੱਤੀਆਂ ਗਈਆਂ।

ਇਸ ਮੌਕੇ ਤੇ ਦੀਵਾਨ ਦੇ ਐਡੀਸ਼ਨਲ ਸਕੱਤਰ ਅਤੇ ਹਸਪਤਾਲ ਦੇ ਮੈਂਬਰ ਇੰਚਾਰਜ ਸ੍ਰ.ਜਸਪਾਲ ਸਿੰਘ ਢਿੱਲੋਂ, ਹਸਪਤਾਲ ਦੇ ਮੈਂਬਰ ਇੰਚਾਰਜ ਡਾ.ਆਤਮਜੀਤ ਸਿੰਘ ਬਸਰਾ, ਸਕੂਲ ਮੈਂਬਰ ਇੰਚਾਰਜ ਸ੍ਰ.ਨਵਤੇਜ ਸਿੰਘ ਨਾਰੰਗ ਅਤੇ ਸ੍ਰ.ਹਰਵਿੰਦਰਪਾਲ ਸਿੰਘ ਚੁੱਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜਿੰਨਾਂ ਨੇ ਸਿਹਤ ਨੂੰ ਅਨਮੋਲ ਧਨ ਦਸਦਿਆਂ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਚੰਗੀ ਕਾਰਗੁਜ਼ਾਰੀ ਅਤੇ ਨਿਰਵਿਘਨ ਸਕੂਲ ਵਿੱਚ ਹਾਜ਼ਰੀ ਲਈ ਤੰਦਰੁਸਤੀ ਦੇ ਮਹੱਤਵ ਨੂੰ ਵੇਖਦੇ ਹੋਏ ਸਮੇਂ-ਸਮੇਂ ਤੇ ਅਜਿਹੇ ਚੈਕਅਪ ਕੈਂਪ ਲਗਵਾਉਣ ਦੀ ਲੋੜ ਤੇ ਜ਼ੋਰ ਦਿੱਤਾ।

ਉਹਨਾਂ ਵਿਦਿਆਰਥੀਆਂ ਨੂੰ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣ, ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਵੱਛਤਾ ਦੇ ਨਿਯਮਾਂ ਨੂੰ ਅਪਨਾਉਣ ਅਤੇ ਬਾਹਰ ਦੀਆਂ ਚੀਜ਼ਾਂ ਖਾਣ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ। ਅੰਤ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੌਰ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।

Exit mobile version