Site icon Amritsar Awaaz

ਭਾਖੜਾ ਡੈਮ ’ਚ ਪਾਣੀ ਦਾ ਪੱਧਰ ਪਹੁੰਚਿਆ 1648.05 ਫੁੱਟ, ਪਿਛਲੇ ਸਾਲ ਤੋਂ ਸਿਰਫ 26.54 ਫੁੱਟ ਘੱਟ ਹੈ

ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਸ਼ਨਿਚਰਵਾਰ ਨੂੰ ਪਾਣੀ ਦਾ ਪੱਧਰ 1648.05 ਫੁੱਟ ’ਤੇ ਪੁੱਜ ਗਿਆ ਹੈ ਜਦੋਂ ਕਿ ਬੀਤੇ ਸਾਲ ਅੱਜ ਦੇ ਦਿਨ ਪਾਣੀ ਦਾ ਇਹ ਪੱਧਰ 1674.59 ਫੁੱਟ ਸੀ।

ਇਸ ਤਰ੍ਹਾਂ ਪਾਣੀ ਦਾ ਇਹ ਪੱਧਰ ਬੀਤੇ ਸਾਲ ਦੇ ਮੁਕਾਬਲੇ 26.54 ਫੁੱਟ ਘੱਟ ਹੈ। ਸ਼ਨਿਚਰਵਾਰ ਸਵੇਰੇ 6 ਵਜੇ ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ 25527 ਕਿਊਸਿਕ ਫੁੱਟ ਪਾਣੀ ਦੀ ਆਮਦ ਦਰਜ ਕੀਤੀ ਗਈ, ਜਦੋਂ ਕਿ ਭਾਗੀਦਾਰ ਸੂਬਿਆਂ ’ਚ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਭਾਖੜਾ ਡੈਮ ਤੋਂ 23212 ਫੁੱਟ ਪਾਣੀ ਛੱਡਿਆਂ ਜਾ ਰਿਹਾ ਹੈ।

ਭਾਖੜਾ ਡੈਮ ਦੇ ਪਿੱਛੇ ਬਣੀ ਝੀਲ ਵਿੱਚ 1680 ਫੁੱਟ ਤੱਕ ਸਟੋਰ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਭਾਖੜਾ ਡੈਮ ਵਿੱਚ 20 ਸਤੰਬਰ ਤੱਕ ਹੀ ਪਾਣੀ ਸਟੋਰ ਕੀਤਾ ਜਾਦਾ ਹੈ।

ਇਸ ਵਾਰ ਘੱਟ ਬਰਸਾਤ ਕਾਰਨ ਭਾਖੜਾ ਡੈਮ ਚ ਪਾਣੀ ਦਾ ਪੱਧਰ ਬੀਤੇ ਸਾਲ ਦੇ ਮੁਕਾਬਲੇ 26.54 ਫੁੱਟ ਘੱਟ ਹੈ। ਜ਼ਿਕਰਯੋਗ ਹੈ ਬੀਤੇ ਸਾਲ ਭਾਰੀ ਬਰਸਾਤ ਕਾਰਨ ਪਾਣੀ ਦਾ ਪੱਧਰ ਵਧ ਜਾਣ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਦੀ ਨੌਬਤ ਆ ਗਈ ਜੋ ਕਿ ਕਰੀਬ 15 ਦਿਨ ਤੱਕ ਖੁੱਲ੍ਹੇ ਰਹੇ ਸਨ ਜਿਸ ਕਾਰਨ ਪੰਜਾਬ ਵਿਚ ਹੜ੍ਹਾਂ ਨਾਲ ਵਿਆਪਕ ਤਬਾਹੀ ਹੋਈ ਸੀ।ਇਸ ਵਾਰ ਸੂਬੇ ਵਿੱਚ ਘਟ ਬਰਸਾਤ ਕਾਰਣ ਜਿਥੇ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਘਟ ਦਰਜ ਕੀਤਾ ਗਿਆ, ਉਥੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1364.84 ਦਰਜ ਕੀਤਾ ਗਿਆ, ਜਦੋਂ ਕਿ ਬੀਤੇ ਸਾਲ ਇਹ ਪੱਧਰ 1389 ਸੀ।

ਪੰਡੋਂਹ ਡੈਮ ਵਿੱਚ ਪਾਣੀ ਦੀ ਆਮਦ 7833 ਫੁੱਟ ਦਰਜ ਕੀਤੀ ਗਈ ਹੈ, ਜਦੋਂ ਕਿ ਬੀਤੇ ਸਾਲ ਇਹ ਪੱਧਰ 8050 ਸੀ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਚ ਪਾਣੀ ਦਾ ਪੱਧਰ 498.91 ਮੀਟਰ ਦਰਜ ਕੀਤਾ ਗਿਆ, ਜਦੋਂ ਕਿ ਬੀਤੇ ਸਾਲ ਇਹ ਪੱਧਰ 516.26 ਮੀਟਰ ਸੀ।

Exit mobile version