ਸ਼ਹਿਰ ‘ਚ ਸਜਾਇਆ ਗਿਆ ਵਿਸ਼ਾਲ Nagar Kirtan, ‘ਵਾਹਿਗੁਰੂ’ ਦੇ ਜਾਪ ਨਾਲ ਗੂੰਜਿਆ ਆਕਾਸ਼; ਦੋ ਰਵਾਇਤੀ ਨਗਰ ਕੀਰਤਨਾਂ ਦੇ ਨਾਲ ਮੇਲਾ ਮਾਘੀ ਸੰਪੰਨ !

ਸਿੱਖ ਇਤਿਹਾਸ ਦੇ ਮਹਾਨ ਸ਼ਹੀਦਾਂ, ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਅੱਜ ਦੋ ਰਵਾਇਤੀ ਨਗਰ ਕੀਰਤਨਾਂ ਦੇ ਨਾਲ ਮੇਲਾ ਮਾਘੀ ਰਸਮੀ ਤੌਰ ‘ਤੇ ਸੰਪੰਨ ਹੋ ਗਿਆ ਹੈ। ਰਵਾਇਤ ਮੁਤਾਬਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਿੱਖ ਸੰਸਥਾਵਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਦਰਬਾਰ ਸਾਹਿਬ ਦੇ ਨਾਕਾ ਨੰਬਰ 4 ਤੋਂ ਸਵੇਰੇ 10 ਵਜੇ ਆਰੰਭ ਹੋਇਆ ਇਹ ਨਗਰ ਕੀਰਤਨ ਰੇਲਵੇ ਰੋਡ, ਬੈਂਕ ਰੋਡ, ਘਾਹ ਮੰਡੀ ਚੌਕ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਟਿੱਬੀ ਸਾਹਿਬ ਪਹੁੰਚਿਆ, ਜਿੱਥੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਦਾਤਨਸਰ ਸਾਹਿਬ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਦਰਬਾਰ ਸਾਹਿਬ ਆ ਕੇ ਸਮਾਪਤ ਹੋਇਆ।

ਇਸ ਦੌਰਾਨ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸ਼ਹਿਰ ਦੀਆਂ ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ਲੰਗਰ ਲਗਾਏ ਗਏ। ਇਸ ਮੌਕੇ ਫ਼ੌਜੀ ਬੈਂਡ ਅਤੇ ਗਤਕਾ ਟੀਮਾਂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਗਏ। ਧਾਰਮਿਕ ਸਟਾਲ ਅਤੇ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਮੈਨੇਜਰ ਨਿਰਮਲਜੀਤ ਸਿੰਘ, ਹੈੱਡ ਗ੍ਰੰਥੀ ਜਗਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ।

Leave a Reply

Your email address will not be published. Required fields are marked *