ਥਾਣਾ ਬਸਤੀ ਬਾਵਾ ਖੇਲ ਇਲਾਕੇ ’ਚ ਹਮਲਾ ਕਰਨ ਤੇ ਹਵਾ ’ਚ ਗੋਲ਼ੀਆਂ ਚਲਾਉਣ ਦੇ ਮਾਮਲੇ ’ਚ ਪੁਲਿਸ ਨੇ ਕਾਰਵਾਈ ਕਰਦਿਆਂ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਰਮਜੀਤ ਕੌਰ ਵਾਸੀ ਬਸਤੀ ਮਿੱਠੂ ਤੇ ਭਜਨ ਕੌਰ ਵਾਸੀ ਕੋਟ ਈਸੇ ਖਾਂ ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ’ਚ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਦੇਵ ਸਿੰਘ ਵਾਸੀ ਮਿੱਠੂ ਬਸਤੀ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਘਰ ਆਇਆ ਤੇ ਉਸ ਨਾਲ ਬਦਸਲੂਕੀ ਕਰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਲੜਾਈ ਦੌਰਾਨ ਉਸ ਦੇ ਘਰ ਤੇ ਇੱਟਾਂ ਸੁੱਟੀਆਂ ਤੇ ਹਵਾ ’ਚ ਗੋਲ਼ੀਆਂ ਵੀ ਚਲਾਈਆਂ, ਜਿਸ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ। ਇਹ ਘਟਨਾ 5 ਨਵੰਬਰ, 2025 ਨੂੰ ਵਾਪਰੀ ਦੱਸੀ ਜਾ ਰਹੀ ਹੈ। ਇਸ ਮਾਮਲੇ ’ਚ ਕਰਨੈਲ ਸਿੰਘ, ਕਰਨਵੀਰ ਸਿੰਘ ਉਰਫ਼ ਕੰਨੂ, ਸੰਤਾ ਵਾਸੀ ਫਾਜ਼ਿਲਕਾ, ਉਦੈਵੀਰ ਸਿੰਘ ਵਾਸੀ ਕੋਟ ਈਸੇ ਖਾਨ ਤੇ ਹੋਰਾਂ ਦੇ ਨਾਮ ਵੀ ਸ਼ਾਮਲ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਬਸਤੀ ਬਾਵਾ ਖੇਲ ਥਾਣੇ ਦੇ ਏਐੱਸਆਈ ਬਰਜਿੰਦਰ ਕੁਮਾਰ ਨੇ ਦੱਸਿਆ ਕਿ ਜਾਂਚ ਜਾਰੀ ਹੈ ਤੇ ਹੋਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਲੜਾਈ ਮਗਰੋਂ ਹਵਾ ’ਚ ਗੋਲ਼ੀਆਂ ਚਲਾਉਣ ਦੇ ਮਾਮਲੇ ’ਚ ਦੋ ਔਰਤਾਂ ਗ੍ਰਿਫ਼ਤਾਰ !
