ਤੇਜ਼ ਰਫ਼ਤਾਰ ਤੇ ਓਵਰਲੋਡਿੰਗ ਇੱਟਾਂ ਨਾਲ ਭਰੀ ਟਰੈਕਟਰ- ਟਰਾਲੀ ਪਲਟੀ, ਵੱਡਾ ਹਾਦਸਾ ਟਲਿਆ
ਜਲੰਧਰ-ਮੋਗਾ ਨੈਸ਼ਨਲ ਹਾਈਵੇ ’ਤੇ ਮੰਗਲਵਾਰ ਨੂੰ ਉਸ ਸਮੇਂ ਇਕ ਵੱਡਾ ਹਾਦਸਾ ਵਾਪਰਨੋਂ ਟਲ ਗਿਆ, ਜਦੋਂ ਇੱਟਾਂ ਨਾਲ ਲੱਦੀ ਇਕ ਓਵਰਲੋਡ ਟਰੈਕਟਰ-ਟਰਾਲੀ ਸੰਤੁਲਨ ਵਿਗੜਣ ਕਾਰਨ ਸੜਕ ਵਿਚਕਾਰ ਪਲਟ ਗਈ। ਹਾਦਸੇ ਦੌਰਾਨ ਹਾਈਵੇ ਤੇ ਇੱਟਾਂ ਖਿੱਲਰ ਜਾਣ ਕਾਰਨ ਆਵਾਜਾਈ ’ਚ ਵੀ ਵਿਘਨ ਪਿਆ। ਜਾਣਕਾਰੀ ਅਨੁਸਾਰ ਜਸਪ੍ਰੀਤ ਪੁੱਤਰ ਸੁਰਜੀਤ ਕੁਮਾਰ ਵਾਸੀ ਲਾਂਬੜਾ, ਟਰੈਕਟਰ-ਟਰਾਲੀ ’ਚ ਇੱਟਾਂ ਲੱਦ ਕੇ ਜਲਾਲਾਬਾਦ ਤੋਂ ਜਲੰਧਰ ਵੱਲ ਜਾ ਰਿਹਾ ਸੀ। ਜਦੋਂ ਉਹ ਮਲਸੀਆਂ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ। ਪ੍ਰਤੱਖ ਦਰਸ਼ੀਆਂ ਅਨੁਸਾਰ ਹਾਈਵੇ ਤੇ ਕਈ ਹੋਰ ਟਰੈਕਟਰ-ਟਰਾਲੀਆਂ ਵਾਲੇ ਆਪਸ ਵਿੱਚ ਰੇਸ ਲਗਾ ਰਹੇ ਸਨ। ਤੇਜ਼ ਰਫ਼ਤਾਰ ਹੋਣ ਕਾਰਨ ਚਾਲਕ ਟਰੈਕਟਰ ਤੇ ਕੰਟਰੋਲ ਨਹੀਂ ਰੱਖ ਸਕਿਆ ਤੇ ਇਹ ਹਾਦਸਾ ਵਾਪਰ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਟਰੈਕਟਰ ਚਾਲਕ ਜਸਪ੍ਰੀਤ (19) ਕੋਲ ਵਾਹਨ ਚਲਾਉਣ ਲਈ ਲੋੜੀਂਦਾ ਲਾਇਸੈਂਸ ਵੀ ਨਹੀਂ ਸੀ। ਬਿਨਾਂ ਤਜ਼ਰਬੇ ਤੇ ਲਾਇਸੈਂਸ ਦੇ ਨੈਸ਼ਨਲ ਹਾਈਵੇ ਤੇ ਭਾਰੀ ਵਾਹਨ ਦੌੜਾਉਣਾ ਕਿਸੇ ਵੱਡੀ ਅਣਹੋਣੀ ਨੂੰ ਸੱਦਾ ਦੇਣ ਦੇ ਬਰਾਬਰ ਹੈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
