SGPC ਦੇ ਪ੍ਰਬੰਧਕੀ ਢਾਂਚੇ ‘ਚ ਵੱਡਾ ਫੇਰਬਦਲ: ਪ੍ਰਬੰਧ ਦਰੁੱਸਤ ਕਰਨ ਲਈ ਅਧਿਕਾਰੀਆਂ ਦੀਆਂ ਹੋਣਗੀਆਂ ਤਬਦੀਲੀਆਂ :

ਇਹ ਤਬਾਦਲੇ ਲਗਾਤਾਰ ਇੱਕੋ ਸੀਟ ’ਤੇ ਬੈਠ ਕੇ ਲੰਮਾ ਸਮਾਂ ਬਿਤਾਉਣ ਅਤੇ ਉਸੇ ਸੀਟ ’ਤੇ ਬੈਠ ਕੇ ਕੀਤੀ ਜਾਣ ਵਾਲੀ ਖਰੀਦੋ-ਫਰੋਖਤ, ਪ੍ਰਬੰਧ ਅਤੇ ਸੰਗਤਾਂ ਦੇ ਮਿਲਣ-ਵਰਤਣ ਕਾਰਨ ਬਣ ਰਹੀਆਂ ਨੇੜਤਾਵਾਂ ਨੂੰ ਦੂਰ ਕਰਨ ਦੇ ਮੰਤਵ ਨੂੰ ਸਾਹਮਣੇ ਰੱਖ ਕੇ ਕੀਤੇ ਜਾਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਹੋ ਰਹੀਆਂ ਅਨੋਖੀਆਂ ਘਪਲੇਬਾਜ਼ੀਆਂ ਅਤੇ ਆਪਸੀ ਸਾਂਝੇਦਾਰੀਆਂ ਨੂੰ ਖਤਮ ਕਰਨ ਲਈ ਵੱਡੇ ਪੱਧਰ ’ਤੇ ਸਕੱਤਰਾਂ, ਵਧੀਕ ਸਕੱਤਰਾਂ, ਮੀਤ ਸਕੱਤਰਾਂ ਤੇ ਇੰਚਾਰਜਾਂ ਦੇ ਵਿਭਾਗਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬਾਨ ਦੇ ਮੁੱਖ ਮੈਨੇਜਰਾਂ ਦੇ ਤਬਾਦਲੇ ਕਰਨ ਲਈ ਸੂਚੀਬੱਧ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਹੋਏ ਜਾਇਦਾਦ ਦੇ ਅਨੋਖੇ ਘਪਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਵੱਡੇ ਪੱਧਰ ’ਤੇ ਸਕੱਤਰਾਂ ਤੇ ਇੰਚਾਰਜਾਂ ਦੇ ਵਿਭਾਗ ਅਤੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਦੀ ਅਦਲਾ-ਬਦਲੀ ਕਰਨ ਲਈ ਲਿਸਟ ਤਿਆਰ ਕੀਤੀ ਜਾ ਰਹੀ ਹੈ। ਜਲਦ ਹੀ ਸਕੱਤਰਾਂ ਤੇ ਇੰਚਾਰਜਾਂ ਦੇ ਵਿਭਾਗਾਂ ਅਤੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਦੇ ਤਬਾਦਲੇ ਕੀਤੇ ਜਾਣਗੇ। ਇਹ ਤਬਾਦਲੇ ਲਗਾਤਾਰ ਇੱਕੋ ਸੀਟ ’ਤੇ ਬੈਠ ਕੇ ਲੰਮਾ ਸਮਾਂ ਬਿਤਾਉਣ ਅਤੇ ਉਸੇ ਸੀਟ ’ਤੇ ਬੈਠ ਕੇ ਕੀਤੀ ਜਾਣ ਵਾਲੀ ਖਰੀਦੋ-ਫਰੋਖਤ, ਪ੍ਰਬੰਧ ਅਤੇ ਸੰਗਤਾਂ ਦੇ ਮਿਲਣ-ਵਰਤਣ ਕਾਰਨ ਬਣ ਰਹੀਆਂ ਨੇੜਤਾਵਾਂ ਨੂੰ ਦੂਰ ਕਰਨ ਦੇ ਮੰਤਵ ਨੂੰ ਸਾਹਮਣੇ ਰੱਖ ਕੇ ਕੀਤੇ ਜਾਣਗੇ। ਇਸ ਮੰਤਵ ਨਾਲ ਜਿੱਥੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਵਿਭਾਗਾਂ ਵਿਚ ਘਪਲੇ ਦੀ ਸੰਭਾਵਨਾ ਨੂੰ ਖ਼ਤਮ ਕੀਤਾ ਜਾਵੇਗਾ, ਉਥੇ ਹੀ ਪ੍ਰਬੰਧ ਨੂੰ ਹੋਰ ਚੁਸਤ-ਦਰੁਸਤ ਵੀ ਕੀਤਾ ਜਾਵੇਗਾ ਜਿਸ ਦੇ ਨਾਲ ਹੀ ਪ੍ਰਬੰਧ ਵਿਚ ਹੋਣ ਵਾਲੀਆਂ ਊਣਤਾਈਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਇਸ ਸਮੇਂ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਉਹਨਾਂ ਦੇ ਓਐੱਸਡੀ ਸਤਬੀਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ਼ਾਹਬਾਜ ਸਿੰਘ ਕੋਲ ਅਮਲਾ ਵਿਭਾਗ ਹੈ। ਪ੍ਰਤਾਪ ਸਿੰਘ ਕੋਲ ਗੁਰਦੁਆਰਾ ਸੈਕਸ਼ਨ 85 ਅਤੇ ਸਮੁੱਚਾ ਕੰਮ ਮੌਜੂਦ ਹੈ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਬੀਜੈ ਸਿੰਘ ਅਤੇ ਮੀਤ ਸਕੱਤਰ ਸੁਖਬੀਰ ਸਿੰਘ ਤੇ ਗੁਰਦਿਆਲ ਸਿੰਘ ਕੰਮ ਦੇਖ ਰਹੇ ਹਨ ਜਦਕਿ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸੈਕਸ਼ਨ 85 ਦੇ ਵਧੀਕ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਤੇ ਜਾਇਦਾਦ ਪ੍ਰੀਤਪਾਲ ਸਿੰਘ ਵਧੀਕ ਸਕੱਤਰ ਕੋਲ ਮੌਜੂਦ ਹੈ। ਸ਼੍ਰੋਮਣੀ ਕਮੇਟੀ ਦੇ ਅਕਾਊਂਟ, ਟਰੱਸਟ ਅਤੇ ਵਿੱਦਿਆ ਵਿਭਾਗ ਸੁਖਮਿੰਦਰ ਸਿੰਘ ਕੋਲ ਹਨ, ਜਿਨ੍ਹਾਂ ਨਾਲ ਮੀਤ ਸਕੱਤਰ ਜਸਵਿੰਦਰ ਸਿੰਘ ਲਗਾਏ ਹੋਏ ਹਨ। ਵਧੀਕ ਸਕੱਤਰ ਤਜਿੰਦਰ ਸਿੰਘ ਪੱਡਾ ਕੋਲ ਖੇਡਾਂ, ਮੀਤ ਸਕੱਤਰ ਹਰਭਜਨ ਸਿੰਘ ਵਕਤਾ ਕੋਲ ਇਮਾਰਤੀ ਤੇ ਪਬਲੀਸਿਟੀ, ਗੁਰਨਾਮ ਸਿੰਘ ਕੋਲ ਫਲਾਇੰਗ ਵਿਭਾਗ, ਬਲਦੇਵ ਸਿੰਘ ਖਹਿਰਾਬਾਦ ਕੋਲ ਗੁਰਦੁਆਰਾ ਸੈਕਸ਼ਨ 87, ਮਨਜੀਤ ਸਿੰਘ ਨੂੰ ਪਬਲਿਕਸ਼ਨ ਵਿਭਾਗ ਸੌਂਪਿਆ ਹੋਇਆ ਹੈ।

ਸ਼੍ਰੋਮਣੀ ਕਮੇਟੀ ਵਿੱਚ ਵੱਖ-ਵੱਖ ਵਿਭਾਗ ਦੀਆਂ ਬ੍ਰਾਂਚਾਂ ਮੌਜੂਦ ਹਨ, ਜਿਨ੍ਹਾਂ ਵਿਚ ਇੰਚਾਰਜ, ਸੁਪਰਵਾਈਜ਼ਰ, ਸਹਾਇਕ ਸੁਪਰਵਾਈਜ਼ਰ, ਕੰਪਿਊਟਰ ਓਪਰੇਟਰ, ਕਲੱਰਕ, ਹੈਲਪਰ, ਸੇਵਾਦਾਰ ਆੀਦ ਮੁਲਾਜਮ ਤੈਨਾਤ ਹਨ। ਮੁੱਖ ਵਿਭਾਗਾਂ ਵਿਚ ਪਬਲਿਕਸ਼ਨ ਵਿਭਾਗ, ਪ੍ਰਿੰਟਿੰਗ ਪ੍ਰੈੱਸਾਂ, ਸਿੱਖ ਇਤਿਹਾਸ ਰਿਸਰਚ ਬੋਰਡ, ਗੁਰਦੁਆਰਾ ਸੈਕਸ਼ਨ 85, ਗੁਰਦੁਆਰਾ ਸੈਕਸ਼ਨ 87, ਪੰਜਾਬ ਪ੍ਰਚਾਰ, ਸ਼੍ਰੋਮਣੀ ਕਮੇਟੀ ਦਾ ਅਮਲਾ ਵਿਭਾਗ, ਧਰਮ ਪ੍ਰਚਾਰ ਕਮੇਟੀ ਦਾ ਅਮਲਾ ਵਿਭਾਗ, ਸਿੱਖ ਰੈਫਰਸ ਲਾਇਬਰੇਰੀ, ਸਭ ਆਫਿਸ, ਖ੍ਰੀਦ ਵਿਭਾਗ, ਆਰਟੀਆਈ ਵਿਭਾਗ, ਅਕਾਊਂਟ, ਇੰਟਰਨਲ ਆਡਿਟ, ਫਲਾਇੰਗ, ਗੁਰਦੁਆਰਾ ਇੰਸਪੈਕਟਰ 85, ਗੁਰਦੁਆਰਾ ਇੰਸਪੈਕਟਰ 87, ਰਿਕਾਰਡ ਬਰਾਂਚ, ਅਮਲਾ ਵਿਭਾਗ, ਇਮਾਰਤੀ ਵਿਭਾਗ, ਸਟੇਸ਼ਨਰੀ, ਪਬਲੀਸਿਟੀ, ਗੁਰਦੁਆਰਾ ਗਜਟ, ਯਾਤਰਾ, ਰੈਵਨਿਊ, ਮਾਲ ਅਫਸਰ ਤੇ ਪਟਵਾਰੀ, ਇੰਟਰਨੈਟ, ਆਈਟੀ ਵਿੰਗ, ਗੱਡੀਆਂ, ਸਪੋਰਟਸ, ਗੁਰਦੁਆਰਾ ਪ੍ਰਿੰਟਿੰਗ ਪ੍ਰੈਸ, ਗੋਲਡਨ ਆਫਸੈਟ ਪ੍ਰੈਸ, ਸ਼੍ਰੋਮਣੀ ਪ੍ਰਿੰਟਿੰਗ ਪ੍ਰੈਸ, ਆਦਿ ਵਿਭਾਗ ਸ਼ਾਮਿਲ ਹਨ।

ਗੁਰਦੁਆਰਾ ਸਾਹਿਬਾਨ ਦੀ ਆਮਦਨ ਦੇ ਹਿਸਾਬ ਨਾਲ ਏ, ਬੀ ਤੇ ਸੀ ਗ੍ਰੇਡ ਵਿਚ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਾਂ ਨੂੰ ਵੰਡਿਆ ਗਿਆ ਹੈ ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਮਾਝਾ, ਮਾਲਵਾ ਤੇ ਦੁਆਬਾ ਦੇ ਮੁੱਖ ਕੇਂਦਰ ਹਨ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਗੁਰਦੁਆਰਾ ਸ੍ਰੀ ਬੇਰ ਸਾਹਿਬ, ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਸਹਿਬ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ, ਗੁਰਦੁਆਰਾ ਬਾਬਾ ਬਕਾਲਾ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਆਦਿ ਮੁੱਖ ਗੁਰਦੁਆਰੇ ਸੈਕਸ਼ਨ 85 ਵਿਚ ਸ਼ਾਮਲ ਹਨ। ਇਨ੍ਹਾਂ ਵਿਚ ਗੁਰਦੁਆਰਾ ਸਾਹਿਬਾਨ ਦਾ ਮੁੱਖ ਪ੍ਰਬੰਧ, ਲੰਗਰ, ਇਮਾਰਤੀ, ਸਰਾਵਾਂ ਆਦਿ ਦੇ ਪ੍ਰਬੰਧ ਵੱਡੇ ਮੰਨੇ ਜਾਂਦੇ ਹਨ, ਕਈ ਗੁਰਦੁਆਰਾ ਸਾਹਿਬਾਨ ਵਿਚ ਮੁੱਖ ਮੈਨੇਜਰ ਦੇ ਨਾਲ ਵਧੀਕ ਤੇ ਮੀਤ ਮੈਨੇਜਰ ਲਗਾਏ ਗਏ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵੱਡਾ ਪ੍ਰਬੰਧ ਹੋਣ ਕਾਰਨ ਇਥੇ ਮੁੱਖ ਮੈਨੇਜਰ ਦੇ ਨਾਲ, ਲੰਗਰ, ਸਰਾਵਾਂ, ਪਰਿਕਰਮਾਂ, ਬਾਹਰਲੇ ਗੁਰਦੁਆਰਾ ਸਾਹਿਬਾਨ, ਇਮਾਰਤੀ, ਜਾਇਦਾਦਾਂ ਆਦਿ ਲਈ ਮੈਨਜਰ, ਵਧੀਕ ਮੈਨੇਜਰ ਤੇ ਮੀਤ ਮੈਨੇਜਰ ਲਗਾਏ ਗਏ ਹਨ।

Leave a Reply

Your email address will not be published. Required fields are marked *