ਲੁਧਿਆਣਾ : ਥਾਰ ਤੇ ਕਾਰ ਵਿਚਾਲੇ ਹੋਈ ਟੱਕਰ, ਛੋਟੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਹੋਈ ਮੌਤ !

ਲੋਹੜੀ ਦੀ ਖੁਸ਼ੀ ਮਾਤਮ ਵਿਚ ਬਦਲ ਗਈ। ਜਦੋਂ ਇਕ ਦਰਦਨਾਕ ਹਾਦਸੇ ਵਿਚ 2 ਜਣਿਆਂ ਦੀ ਮੌਤ ਹੋ ਗਈ। ਸਵਿਫਟ ਤੇ ਥਾਰ ਗੱਡੀ ਦੀ ਟੱਕਰ ਹੋਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸਵਿਫਟ ਗੱਡੀ ਦੇ ਏਅਰਬੈਗ ਤੱਕ ਖੁੱਲ੍ਹ ਗਏ।

ਹਾਦਸੇ ਵਿਚ ਛੋਟੀ ਭੈਣ ਨੂੰ ਲੋਹੜੀ ਦੇਣ ਜਾ ਰਹੇ ਭੈਣ-ਭਰਾ ਦੀ ਮੌਤ ਹੋ ਗਈ। ਇਕ ਹੀ ਪਰਿਵਾਰ ਦੇ 2 ਚਿਰਾਗ ਬੁਝ ਗਏ ਹਨ। ਹਾਦਸਾ ਮੋਗਾ ਰੋਡ ‘ਤੇ ਪ੍ਰਦੇਸੀ ਢਾਬੇ ਦੇ ਨੇੜੇ ਹੋਇਆ ਹੈ। ਤੇਜ਼ ਰਫਤਾਰ ਥਾਰ ਤੇ ਸਵਿਫਟ ਗੱਡੀ ਦੀ ਟੱਕਰ ਹੋ ਗਈ। ਟੱਕਰ ਮਗਰੋਂ ਸਵਿਫਟ ਕਾਰ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਦੇ ਹੇਠਾਂ ਜਾ ਵੱਜੀ। ਹਾਦਸੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਹੋ ਗਈ।

ਮ੍ਰਿਤਕਾਂ ਦੀ ਪਛਾਣ ਬਾਘਾਪੁਰਾਣਾ ਦੇ ਜਬਰ ਸਿੰਘ ਤੇ ਹਰਦੀਪ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਉਮਰ 34 ਤੋਂ 45 ਸਾਲ ਦੇ ਵਿਚਕਾਰ ਸੀ ਤੇ ਦੋਵੇਂ ਆਪਣੀ ਛੋਟੀ ਭੈਣ ਨੂੰ ਲੁਧਿਆਣਾ ਵਿਚ ਲੋਹੜੀ ਦੇ ਕੇ ਵਾਪਸ ਘਰ ਪਰਤ ਰਹੇ ਸਨ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ। ਦੂਜੇ ਪਾਸੇ ਹਾਦਸੇ ਵਿਚ ਸ਼ਾਮਲ ਥਾਰ ਗੱਡੀ ਦਾ ਡਰਾਈਵਰ ਇੰਦਰਜੀਤ ਸਿੰਘ ਜੋ ਕਿ ਰਾਏਕੋਟ ਪਿੰਡ ਗੋਇੰਦਵਾਲ ਦਾ ਦੱਸਿਆ ਜਾ ਰਿਹਾ ਹੈ, ਉਹ ਗੰਭੀਰ ਜਖਮੀ ਹੋ ਗਿਆ। ਉੁਸ ਨੂੰ ਤੁਰੰਤ ਜਗਰਾਓਂ ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਮੁੱਢਲੇ ਇਲਾਜ ਮਗਰੋਂ ਪਰਿਵਾਰ ਮੈਂਬਰਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ।

ਪੁਲਿਸ ਮੁਤਾਬਕ ਇੰਦਰਜੀਤ ਸਿੰਘ ਦੇਰ ਰਾਤ ਮੋਗਾ ਤੋਂ ਲੁਧਿਆਣੇ ਵੱਲ ਜਾ ਰਿਹਾ ਸੀ। ਜਿਵੇਂ ਹੀ ਉਸ ਦੀ ਥਾਰ ਮੋਗਾ ਰੋਡ ‘ਤੇ ਢਾਬੇ ਨੇੜੇ ਪਹੁੰਚੀ ਤਾਂ ਉਸ ਦਾ ਵਾਹਨ ਅਚਾਨਕ ਬੇਕਾਬੂ ਹੋ ਗਿਆ ਤੇ ਸਾਹਮਣੇ ਆ ਰਹੀ ਚਿੱਟੀ ਸਵਿਫਟ ਗੱਡੀ ਦੇ ਨਾਲ ਟਕਰਾਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *