ਟਰਾਂਸਪੋਰਟ ਕੰਪਨੀ ਦੇ ਮਾਲਕ ਨੇ ਬਿਲਾਸਪੁਰ ਥਾਣੇ ਵਿੱਚ ਟਰੱਕ ਚੋਰੀ ਹੋਣ ਦਾ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਟਰੱਕ ਡਰਾਈਵਰ ‘ਤੇ ਹੀ ਇਸ ਚੋਰੀ ਦਾ ਸ਼ੱਕ ਜਤਾਇਆ ਹੈ।
ਦਿੱਲੀ ਦੀ ਇੱਕ ਟਰਾਂਸਪੋਰਟ ਕੰਪਨੀ ਦਾ ਟਰੱਕ, ਜੋ ਮੁੰਬਈ ਦੇ ਨਵਾਸ਼ੇਵਾ ਪੋਰਟ (Nhava Sheva Port) ਤੋਂ ਇੱਕ ਕਰੋੜ ਰੁਪਏ ਤੋਂ ਵੱਧ ਦੇ ਡਰਾਈਫਰੂਟ ਲੈ ਕੇ ਚੱਲਿਆ ਸੀ, ਗੁਰੂਗ੍ਰਾਮ ਦੇ ਬਿਲਾਸਪੁਰ ਥਾਣਾ ਖੇਤਰ ਵਿੱਚ ਅਚਾਨਕ ਲਾਪਤਾ ਹੋ ਗਿਆ ਹੈ। ਟਰੱਕ ਡਰਾਈਵਰ ਦਾ ਫੋਨ ਵੀ ਸਵਿੱਚ ਆਫ ਆ ਰਿਹਾ ਹੈ।
ਘਟਨਾ ਦਾ ਵੇਰਵਾ
ਦਿੱਲੀ ਦੇ ਸੰਜੇ ਟਰਾਂਸਪੋਰਟ ਨਗਰ ਦੇ ਰਹਿਣ ਵਾਲੇ ਪ੍ਰਵੀਨ ਸੇਠੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਟਰੱਕ ਵਿੱਚ ਬਦਾਮ ਦੇ 900 ਬੈਗ ਅਤੇ ਲੌਂਗ ਦੇ 65 ਬੈਗ ਲੱਦੇ ਹੋਏ ਸਨ। ਬਦਾਮ ਦੀ ਕੀਮਤ ਲਗਪਗ 1,02,75,560 ਰੁਪਏ ਅਤੇ ਲੌਂਗ ਦੀ ਕੀਮਤ ਲਗਪਗ 23 ਲੱਖ ਰੁਪਏ ਹੈ। ਟਰੱਕ 14 ਜਨਵਰੀ ਨੂੰ ਮੁੰਬਈ ਤੋਂ ਕੁੰਡਲੀ ਸਥਿਤ ਗੋਦਾਮ ਲਈ ਰਵਾਨਾ ਹੋਇਆ ਸੀ। ਟਰੱਕ ਨੂੰ ਨੂਹ (ਮੇਵਾਤ) ਦੇ ਪਿੰਡ ਸੇਵਕਾ ਦਾ ਰਹਿਣ ਵਾਲਾ ਰਿਜ਼ਵਾਨ ਚਲਾ ਰਿਹਾ ਸੀ।
ਜੀਪੀਐਸ (GPS) ਲੋਕੇਸ਼ਨ ਹੋਈ ਬੰਦ
ਸ਼ਿਕਾਇਤਕਰਤਾ ਅਨੁਸਾਰ, 17 ਜਨਵਰੀ ਨੂੰ ਦੁਪਹਿਰ 12 ਵਜੇ ਗੱਡੀ ਦੀ ਜੀਪੀਐਸ ਲੋਕੇਸ਼ਨ ਬੰਦ ਹੋ ਗਈ। ਟਰੱਕ ਦੀ ਆਖਰੀ ਲੋਕੇਸ਼ਨ ਜੈਪੁਰ-ਦਿੱਲੀ ਹਾਈਵੇਅ ‘ਤੇ ਬਿਲਾਸਪੁਰ ਦੇ ਬਸੰਤ ਢਾਬੇ ਕੋਲ ਮਿਲੀ ਸੀ। ਉਸ ਤੋਂ ਬਾਅਦ ਡਰਾਈਵਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
