- admin
- Education
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਹਰ ਸਾਲ ਦੀ ਤਰ੍ਹਾਂ ਸਤਵੀਂ ਜਮਾਤ ਦੇ ਬੱਚਿਆਂ ਦੀ ਦਸਤਾਰਬੰਦੀ ਨੂੰ ਸਮਰਪਿਤ ਸਮਾਗਮ
ਸਿੱਖਾਂ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਗੁਰਪੁਰਬ ਨੂੰ ਸਮਰਪਿਤ ਸਮਾਗਮ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੋਕੇ ਹਰ ਸਾਲ ਦੀ ਰੀਤ ਨੂੰ ਨਿਭਾਉਂਦੇ ਹੋਏ ਵਿਦਿਆਰਥੀਆਂ ਨੂੰ ਦਸਤਾਰ ਨਾਲ ਜੋੜਨ ਲਈ ਸੱਤਵੀਂ ਜਮਾਤ ਵਿੱਚ ਪੜ੍ਹ ਰਹੇ ਬੱਚਿਆਂ ਦੀ ਦਸਤਾਰ ਬੰਦੀ ਵੀ ਕੀਤੀ ਗਈ। ਇਸ ਸਮਾਗਮ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਸਥਾਨਕ ਪ੍ਰਧਾਨ ਸ੍ਰ.ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਐਡੀ.ਆਨਰੇਰੀ ਸਕੱਤਰ ਅਤੇ ਸਕੂਲ ਮੈਂਬਰ ਇੰਚਾਰਜ ਸ੍ਰ.ਜਸਪਾਲ ਸਿੰਘ ਢਿੱਲੋਂ, ਐਡੀ.ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਅਤੇ ਸਕੂਲ ਮੈਂਬਰ ਇੰਚਾਰਜ ਸ੍ਰ.ਅਜੀਤ ਸਿੰਘ ਬਸਰਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।
ਸਮਾਗਮ ਦਾ ਆਰੰਭ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਨਾਲ ਕੀਤਾ ਗਿਆ। ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਜੀ ਬਟਾਲਾ ਦੇ ਕੀਰਤਨੀ ਜਥੇ ਅਤੇ ਸਕੂਲ ਦੀ ਜੂਨੀਅਰ, ਸੀਨੀਅਰ ਅਤੇ ਸੀ.ਕੇ.ਡੀ ਚੈਰੀਟੇਬਲ ਸਕੂਲ ਦੀ ਕੀਰਤਨ ਟੀਮ ਵੱਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੋਕੇ ਸਕੂਲ ਵਿਦਿਆਰਥੀਆਂ ਨੇ ਗੁਰੂ ਨਾਨਕ ਸਾਹਿਬ ਪ੍ਰਤੀ ਆਪਣੀ ਸ਼ਰਧਾ ਭਰਪੂਰ ਭਾਵਨਾਵਾਂ ਕਵਿਤਾਵਾਂ ਅਤੇ ਲੈਕਚਰ ਰਾਹੀਂ ਪੇਸ਼ ਕੀਤੀਆਂ। ਉਪਰੰਤ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਸਤਵੀਂ ਜਮਾਤ ਵਿਚ ਪੜ੍ਹ ਰਹੇ ਸਕੂਲ ਦੇ ਬੱਚਿਆਂ ਦੀ ਦਸਤਾਰਬੰਦੀ ਕੀਤੀ ਗਈ। ਫੁੱਲਾਂ ਨਾਲ ਸਿ਼ੰਗਾਰੇ ਪੰਡਾਲ ਵਿਚ ਬੱਚਿਆਂ ਦੀਆਂ ਪੀਲੇ ਰੰਗ ਦੀਆਂ ਦਸਤਾਰਾਂ ਖਾਲਸਾਈ ਸ਼ਾਨ ਨੂੰ ਵਧਾ ਰਹੀਆਂ ਸਨ। ਇਸ ਸ਼ੁਭ ਮੋਕੇ ਤੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਵੱਲੋਂ ਪ੍ਰਬੰਧਕਾਂ ਅਤੇ ਮੈਂਬਰ ਸਾਹਿਬਾਨ ਦੇ ਨਾਲ ਸਕੂਲ ਵਿਚ ਲਗੇ 65 ਕਿਲੋਵਾਟ ਦੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਗਿਆ ਅਤੇ ਸੈਸ਼ਨ 2023—2024 ਦੌਰਾਨ ਆਈ.ਸੀ.ਐਸ.ਈ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿਚ ਮੈਰਿਟ ਸਥਾਨ ਪ੍ਰਾਪਤ ਕਰਨ ਵਾਲੇ 46 ਵਿਦਿਆਰਥੀਆਂ ਤੋਂ ਇਲਾਵਾ ਸੈਸ਼ਨ 2024—25 ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ 20 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੋਕੇ ਪ੍ਰਧਾਨ ਡਾ.ਨਿੱਜਰ ਅਤੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਦੇ ਸਿਧਾਤਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਉਹਨਾਂ ਵਿਦਿਆਰਥੀ ਜੀਵਨ ਵਿਚ ਅਧਿਆਪਕਾਂ ਅਤੇ ਮਾਤਾ—ਪਿਤਾ ਦੇ ਰੋਲ ਤੇ ਚਾਨਣਾ ਪਾਉਂਦੇ ਹੋਏ ਮਾਪਿਆਂ ਨੂੰ ਬੱਚਿਆਂ ਨਾਲ ਪਿਆਰ ਤੇ ਦੋਸਤੀ ਦੇ ਸੰਬੰਧ ਨੂੰ ਮਜ਼ਬੂਤ ਕਰਨ, ਬੱਚਿਆਂ ਨੂੰ ਮੋਬਾਇਲ ਤੋ ਦੂਰ ਰੱਖਣ ਤੇ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਲਈ ਪ੍ਰੇਰਿਆ। ਉਹਨਾਂ ਸਮੂਹ ਸੰਗਤਾਂ ਨੂੰ ਵਹਿਮਾ—ਭਰਮਾਂ ਵਿਚੋ ਨਿਕਲਦਿਆਂ ਭਰਾਤਰੀ ਭਾਵ ਪੈਦਾ ਕਰਨ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਿਖਾਏ ਰਸਤੇ ਤੇ ਚੱਲਣ ਤੇ ਖਾਲਸੇ ਦੀ ਸ਼ਾਨ ਦਸਤਾਰ ਨੂੰ ਬਰਕਾਰ ਰੱਖਣ ਲਈ ਪ੍ਰੇਰਿਤ ਕੀਤਾ। ਅੰਤ ਸਕੂਲ ਮੈਂਬਰ ਇੰਚਾਰਜ ਅਤੇ ਦੀਵਾਨ ਦੇ ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ ਨੇ ਸਕੂਲ ਦੀ ਉਨੱਤੀ ਲਈ ਸਕੂਲ ਵਿਚ ਲੱਗੇ 65 ਕਿਲੋਵਾਟ ਦੇ ਸੋਲਰ ਪਲਾਂਟ ਅਤੇ ਪ੍ਰੀ—ਪ੍ਰਾਇਮਰੀ ਵਿੰਗ ਵਿਚ ਬਣਾਏ ਗਏ ਨਵੇਂ ਚਾਰ ਕਮਰਿਆਂ ਦੇ ਨਿਰਮਾਣ ਲਈ ਦੀਵਾਨ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।
ਅੰਤ ਪ੍ਰਿੰਸੀਪਲ ਸ੍ਰੀਮਤੀ ਸਤਬੀਰ ਕੌਰ ਵੱਲੋਂ ਆਈਆਂ ਹੋਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਸਥਾਨਕ ਪ੍ਰਧਾਨ ਸ੍ਰ.ਕੁਲਜੀਤ ਸਿੰਘ ਸਾਹਨੀ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਐਡੀ.ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਐਡੀ.ਆਨਰੇਰੀ ਸਕੱਤਰ ਅਤੇ ਸਕੂਲ ਮੈਂਬਰ ਇੰਚਾਰਜ ਸ੍ਰ.ਜਸਪਾਲ ਸਿੰਘ ਢਿੱਲੋਂ, ਸਕੂਲ ਦੇ ਮੈਂਬਰ ਇੰਚਾਰਜ ਸ੍ਰ.ਅਜੀਤ ਸਿੰਘ ਬਸਰਾ, ਹੈਡ ਗ੍ਰੰੰਥੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਗਿਆਨੀ ਸੁਰਜੀਤ ਸਿੰਘ ਸਭਰਾ, ਦੀਵਾਨ ਮੈਂਬਰਜ ਸ੍ਰ.ਹਿਰਦੇਪਾਲ ਸਿੰਘ, ਸ੍ਰ.ਰਾਬਿੰਦਰਬੀਰ ਸਿੰਘ ਭੱਲਾ, ਪ੍ਰੋ.ਸੁਖਬੀਰ ਸਿੰਘ, ਸ੍ਰ.ਲਖਵਿੰਦਰ ਸਿੰਘ ਢਿੱਲੋਂ, ਸ੍ਰ.ਓਮਰਾਓ ਸਿੰਘ ਢਿੱਲੋਂ, ਸ੍ਰ.ਗੁਰਬਖਸ਼ ਸਿੰਘ ਬੇਦੀ, ਸ੍ਰ.ਰੁਪਿੰਦਰ ਸਿੰਘ ਰੁਬੀ, ਅਤੇ ਦੀਵਾਨ ਦੇ ਹੋਰ ਅਹੁਦੇਦਾਰ ਵੱਖ—ਵੱਖ ਸਕੂਲਾਂ ਦੇ ਮੈਂਬਰ ਇੰਚਾਰਜ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।