ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਹਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਕਨਵੋਕੇਸ਼ਨ ਵਿਚ ਸ਼ਾਮਲ ਹੋਏ। ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਸਮਾਰੋਹ ਵਿਚ ਸ਼ਾਮਲ ਹੋ ਰਹੇ ਹਨ। ਰਾਸ਼ਟਰਪਤੀ ਵਿਦਿਆਰਥੀਆਂ ਨੂੰ ਡਿਗਰੀਆਂ ਦੇਣਗੇ। ਉਨ੍ਹਾਂ ਦੇ ਆਗਮਨ ਦੇ ਮੱਦੇਨਜ਼ਰ ਅੰਮ੍ਰਤਿਸਰ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।
ਰਾਸ਼ਟਰਪਤੀ ਦੌਰੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਨਾਲ-ਨਾਲ ਗੁਰਦਾਸਪੁਰ, ਜਲੰਧਰ, ਤਰਨਤਾਰਨ ਤੇ ਲੁਧਿਆਣਾ ਤੋਂ ਲਗਭਗ 2500 ਤੋਂ ਵੱਧ ਪੁਲਿਸ ਬਲ ਨੂੰ ਬੁਲਾਇਆ ਹੈ। ਪੂਰੇ ਸ਼ਹਿਰ ਵਿਚ ਹਾਈ ਅਲਰਟ ਹੈ। ਬਾਰਡਰ ਏਰੀਆ ‘ਤੇ ਵੀ ਅਲਰਟ ਜਾਰੀ ਕੀਤਾ ਗਿਆ ਹੈ।

ਡੌਗ ਸਕੁਐਡ ਤੇ ਬੰਬ ਨਿਰੋਧਕ ਦਸਤਿਆਂ ਵੱਲੋਂ ਹੋਟਲ, ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਹਵਾਈ ਅੱਡੇ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਪਰਿਸਰ ਦੇ ਅੰਦਰ ਤੇ ਬਾਹਰ ਸਾਦੇ ਕੱਪੜਿਆਂ ਵਿਚ ਵੀ ਪੁਲਿਸ ਮੁਲਾਜ਼ਮ ਤਾਇਨਾਤ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 56 ਸਾਲ ਦੇ ਇਤਿਹਾਸ ਵਿਚ ਦ੍ਰੋਪਤੀ ਮੁਰਮੂ ਤੀਜੀ ਅਜਿਹੇ ਰਾਸ਼ਟਰਪਤੀ ਹੋਣਗੇ ਜੋ ਇਸ ਸੰਸਥਾ ਦਾ ਦੌਰਾ ਕਰ ਰਹੇ ਹਨ।
ਦੱਸ ਦੇਈਏ ਕਿ ਰਾਸ਼ਟਰਪਤੀ ਵਜੋਂ ਦ੍ਰੋਪਦੀ ਮੁਰਮੂ ਦਾ ਇਹ ਦੂਜਾ ਅੰਮ੍ਰਿਤਸਰ ਦੌਰਾ ਹੈ। ਇਸ ਤੋਂ ਪਹਿਲਾਂ 2023 ਵਿਚ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਿਆ ਸੀ। ਰਾਸ਼ਟਰਪਤੀ ਦੋ ਦਿਨਾ ਪੰਜਾਬ ਦੌਰੇ ‘ਤੇ ਹਨ। ਅੱਜ ਅੰਮ੍ਰਿਤਸਰ ਵਿਚ ਪ੍ਰੋਗਰਾਮ ਦੇ ਬਾਅਦ ਉਹ ਭਲਕੇ ਜਲੰਧਰ ਦੇ ਡਾ. ਬੀ. ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣਗੇ।
