ਡੰਕੀ ਰੂਟ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ: 37 ਲੱਖ ਲਾ ਕੇ ਅਮਰੀਕਾ ਗਏ ਮੋਹਾਲੀ ਦੇ ਨੌਜਵਾਨ ਦੀ ਮੌਤ, ਏਜੰਟ ਗ੍ਰਿਫ਼ਤਾਰ !

ਹਰਦੀਪ ਸਿੰਘ ਕਰੀਬ ਡੇਢ ਸਾਲ ਪਹਿਲਾਂ ਡੰਕੀ ਰੂਟ ਰਾਹੀਂ ਭਾਰਤ ਤੋਂ ਕੋਲੰਬੀਆ, ਪਨਾਮਾ ਅਤੇ ਮੈਕਸੀਕੋ ਦੇ ਜੰਗਲਾਂ ਵਿੱਚੋਂ ਹੁੰਦਾ ਹੋਇਆ ਅਮਰੀਕਾ ਪਹੁੰਚਿਆ ਸੀ। ਉਸ ਨੇ ਕਰੀਬ ਅੱਠ ਮਹੀਨੇ ਮੈਕਸੀਕੋ ਵਿੱਚ ਹੀ ਬਿਤਾਏ। ਚੰਗੀ ਕਮਾਈ ਦੀ ਉਮੀਦ ਵਿੱਚ ਜਿੱਥੇ ਪਰਿਵਾਰ ਕਰਜ਼ੇ ਦੀ ਮਾਰ ਹੇਠ ਆ ਗਿਆ, ਉੱਥੇ ਹੀ ਉਨ੍ਹਾਂ ਨੇ ਆਪਣਾ ਜਵਾਨ ਪੁੱਤ ਵੀ ਗੁਆ ਦਿੱਤਾ।

ਅਖ਼ੀਰ ਪੰਜ ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਮਰੀਕਾ ਦੇ ਟੈਕਸਾਸ ਤੋਂ ਪਿੰਡ ਸਮਗੋਲੀ ਦੇ 28 ਸਾਲਾ ਹਰਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ। ਬੇਹੱਦ ਗਮਗੀਨ ਮਾਹੌਲ ਵਿੱਚ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਹਾਲਾਂਕਿ, ਉਸਦੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਅਜੇ ਤੱਕ ਨਹੀਂ ਹੋ ਸਕਿਆ ਹੈ।

37 ਲੱਖ ਰੁਪਏ ਦੇ ਕੇ ਗਿਆ ਸੀ ਹਰਦੀਪ

ਹਰਦੀਪ ਦਾ ਪਰਿਵਾਰ 37 ਲੱਖ ਰੁਪਏ ਦੀ ਠੱਗੀ ਦਾ ਵੀ ਸ਼ਿਕਾਰ ਹੋਇਆ। ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਏਜੰਟ ਨਿਤਿਨ ਸੈਣੀ (ਵਾਸੀ ਬਰਨਾਲਾ) ਅਤੇ ਸੁਖਵਿੰਦਰ ਸਿੰਘ ਸੈਣੀ (ਵਾਸੀ ਭਾਂਖਰਪੁਰ, ਡੇਰਾਬੱਸੀ) ਖ਼ਿਲਾਫ਼ ਮਾਮਲਾ ਦਰਜ ਕੀਤਾ ਹੋਇਆ ਹੈ। ਫਿਲਹਾਲ ਡੇਰਾਬੱਸੀ ਪੁਲਿਸ ਨੇ ਮੁਲਜ਼ਮ ਏਜੰਟ ਨਿਤਿਨ ਸੈਣੀ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ਵੀਡੀਓ ਭੇਜਣ ਦੇ ਕੁਝ ਦਿਨ ਬਾਅਦ ਆਈ ਮੌਤ ਦੀ ਖ਼ਬਰ

ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਜੁਲਾਈ 2024 ਵਿੱਚ ਘਰੋਂ ਨਿਕਲਿਆ ਸੀ। ਦਮ ਤੋੜਨ ਤੋਂ ਪਹਿਲਾਂ ਹਰਦੀਪ ਨੇ ਇੱਕ ਵੀਡੀਓ ਵੀ ਭੇਜੀ ਸੀ, ਜਿਸ ਵਿੱਚ ਉਸ ਨੇ ਰੋਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਮੋਹਾਲੀ ਪੁਲਿਸ ਮੁਖੀ ਤੋਂ ਮਦਦ ਦੀ ਗੁਹਾਰ ਲਗਾਈ ਸੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਸੀ। ਉਸ ਵੀਡੀਓ ਦੇ ਕੁਝ ਦਿਨਾਂ ਬਾਅਦ ਹੀ ਉਸਦੀ ਮੌਤ ਦੀ ਖ਼ਬਰ ਆ ਗਈ।

Leave a Reply

Your email address will not be published. Required fields are marked *