ਫੌਕਸ 9 ਨੂੰ ਦਿੱਤੇ ਇੱਕ ਬਿਆਨ ਵਿੱਚ ICE ਦੇ ਅਧਿਕਾਰੀ ਨੇ ਕਿਹਾ, “ਮਹਿਲਾ ਨੇ ਸਾਡੇ ਏਜੰਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਉਨ੍ਹਾਂ ਨੂੰ ਕਾਰ ਨਾਲ ਕੁਚਲਣਾ ਚਾਹੁੰਦੀ ਸੀ, ਜਿਸ ਕਾਰਨ ਏਜੰਟਾਂ ਨੂੰ ਗੋਲੀ ਚਲਾਉਣੀ ਪਈ।”
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਆਪਣੇ ਹੀ ਦੇਸ਼ ਵਿੱਚ ਮੁਹਿੰਮ ਛੇੜੀ ਹੋਈ ਹੈ। ਟਰੰਪ ਦੇ ਏਜੰਟ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਦੀ ਵੈਧਤਾ ਦੀ ਜਾਂਚ ਕਰ ਰਹੇ ਹਨ। ਇਸੇ ਦੌਰਾਨ ਮਿਨੀਆਪੋਲਿਸ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿੱਥੇ ਟਰੰਪ ਦੇ ਏਜੰਟ ਨੇ ਇੱਕ ਅਮਰੀਕੀ ਮਹਿਲਾ ‘ਤੇ ਗੋਲੀ ਚਲਾ ਦਿੱਤੀ ਹੈ। ਇਸ ਘਟਨਾ ਵਿੱਚ ਮਹਿਲਾ ਦੀ ਮੌਤ ਹੋ ਗਈ।
ਇਹ ਘਟਨਾ ਦੱਖਣੀ ਮਿਨੀਆਪੋਲਿਸ ਦੀ ਹੈ। ਮ੍ਰਿਤਕ ਮਹਿਲਾ ਦੀ ਪਛਾਣ 37 ਸਾਲਾ ਰੇਨੀ ਨਿਕੋਲ ਗੁੱਡ ਵਜੋਂ ਹੋਈ ਹੈ। ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਦੇ ਏਜੰਟ ਨੇ ਕਾਰ ਅੱਗੇ ਵਧਾਉਣ ‘ਤੇ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਘਟਨਾ ਦੀ ਵੀਡੀਓ ਵਾਇਰਲ
ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ICE ਦੇ 3 ਏਜੰਟ ਕਾਰ ਦੇ ਆਲੇ-ਦੁਆਲੇ ਮੌਜੂਦ ਹਨ। ਉਹ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ, ਤਦੇ ਮਹਿਲਾ ਕਾਰ ਅੱਗੇ ਵਧਾ ਦਿੰਦੀ ਹੈ। ਇਸ ਦੌਰਾਨ ICE ਦਾ ਇੱਕ ਏਜੰਟ ਕਾਰ ‘ਤੇ ਲਗਾਤਾਰ 3 ਗੋਲੀਆਂ ਚਲਾ ਦਿੰਦਾ ਹੈ। ਇਨ੍ਹਾਂ ਵਿੱਚੋਂ ਇੱਕ ਗੋਲੀ ਮਹਿਲਾ ਦੇ ਸਿਰ ਵਿੱਚ ਲੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ICE ਨੇ ਦਿੱਤੀ ਸਫ਼ਾਈ
ਡੋਨਾਲਡ ਟਰੰਪ ਸਮੇਤ ICE ਦੇ ਅਧਿਕਾਰੀਆਂ ਨੇ ਮਾਮਲੇ ‘ਤੇ ਸਫ਼ਾਈ ਪੇਸ਼ ਕਰਦੇ ਹੋਏ ਇਸ ਨੂੰ ‘ਸੈਲਫ ਡਿਫੈਂਸ’ (ਆਤਮ-ਰੱਖਿਆ) ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਲਾ ਨੇ ਏਜੰਟਾਂ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ। ਅਜਿਹੀ ਸਥਿਤੀ ਵਿੱਚ, ਖ਼ੁਦ ਨੂੰ ਬਚਾਉਣ ਲਈ ਏਜੰਟਾਂ ਨੇ ਗੋਲੀ ਚਲਾਈ।
ਫੌਕਸ 9 ਨੂੰ ਦਿੱਤੇ ਇੱਕ ਬਿਆਨ ਵਿੱਚ ICE ਦੇ ਅਧਿਕਾਰੀ ਨੇ ਕਿਹਾ, “ਮਹਿਲਾ ਨੇ ਸਾਡੇ ਏਜੰਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਉਨ੍ਹਾਂ ਨੂੰ ਕਾਰ ਨਾਲ ਕੁਚਲਣਾ ਚਾਹੁੰਦੀ ਸੀ, ਜਿਸ ਕਾਰਨ ਏਜੰਟਾਂ ਨੂੰ ਗੋਲੀ ਚਲਾਉਣੀ ਪਈ।”
ਮੇਅਰ ਨੇ ਚੁੱਕੇ ਸਵਾਲ
ਮਿਨੀਆਪੋਲਿਸ ਦੇ ਮੇਅਰ ਜੈਕਬ ਫਰੇ ਸਮੇਤ ਕਈ ਚਸ਼ਮਦੀਦਾਂ ਨੇ ICE ਦੇ ਦਾਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਵੀਡੀਓ ਵਿੱਚ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਮਹਿਲਾ ਨੇ ਏਜੰਟਾਂ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਜੈਕਬ ਫਰੇ ਅਨੁਸਾਰ, “ਵੀਡੀਓ ਦੇਖਣ ਤੋਂ ਬਾਅਦ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ (ICE ਦਾ ਬਿਆਨ) ਸਭ ਬਕਵਾਸ ਹੈ। ICE ਖ਼ੁਦ ਨੂੰ ਬਚਾਉਣ ਲਈ ਝੂਠਾ ਬਿਰਤਾਂਤ (ਨੈਰੇਟਿਵ) ਸਿਰਜ ਰਹੀ ਹੈ।”

