ਪੰਜਾਬ ‘ਚ ਹੱਡ ਚੀਰਵੀਂ ਠੰਢ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤੇ ਅਜੇ ਪੰਜਾਬੀਆਂ ਨੂੰ ਇਸ ਤੋਂ ਰਾਹਤ ਮਿਲਦੀ ਨਹੀਂ ਦਿਖ ਰਹੀ। ਪੰਜਾਬ ਦੇ ਚੰਡੀਗੜ੍ਹ ਦੇ ਲੋਕਾਂ ਨੂੰ ਅਜੇ 2 ਦਿਨ ਹੋਰ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਬੀਤੇ 24 ਘੰਟਿਆਂ ਵਿਚ ਅਧਿਕਤਮ ਤੇ ਨਿਊਨਮਤ ਤਾਪਮਾਨ ਵਿਚ ਮਾਮੂਲੀ ਵਾਧਾ ਹੋਇਆ ਹੈ। ਅਧਿਕਤਮ ਤਾਪਮਾਨ ਅਜੇ ਵੀ ਸਾਧਾਰਨ ਤੋਂ 6.3 ਡਿਗਰੀ ਤੇ ਨਿਊਨਤਮ ਤਾਪਮਾਨ 3.2 ਡਿਗਰੀ ਘੱਟ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ 16 ਤਰੀਕ ਤੋਂ ਪਹਾੜਾਂ ‘ਤੇ ਬਰਫਬਾਰੀ ਤੇ ਪੰਜਾਬ ਵਿਚ ਹਲਕੇ ਮੀਂਹ ਦੀ ਸਥਿਤੀ ਬਣ ਰਹੀ ਹੈ ਤੇ ਜਦੋਂ ਕਿ ਅਗਲੇ ਹਫਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐੱਸਏਐੱਸ ਨਗਰ ਤੇ ਮੋਹਾਲੀ ਵਿਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਮਾਨਸਾ ਵਿਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈ ਸਕਦੀ ਹੈ। ਜਦੋਂ ਕਿ ਅੰਮ੍ਰਿਤਸਰ ਤੇ ਤਰਨਤਾਰਨ ਵਿਚ ਕੋਲਡ ਡੇ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਤੇ ਲੁਧਿਆਣਾ ਵਿਚ ਸੀਤ ਲਹਿਰ ਚੱਲ ਸਕਦੀ ਹੈ।
ਵਿਭਾਗ ਮੁਤਾਬਕ ਇਸ ਸਮੇਂ ਬਰਫੀਲੀਆਂ ਹਵਾਵਾਂ ਜੰਮੂ-ਕਸ਼ਮੀਰ ਤੇ ਹਿਮਾਚਲ ਤੋਂ ਆ ਰਹੀਆਂ ਹਨ ਜਿਸ ਕਰਕੇ ਠੰਡ ਵਧੀ ਹੋਈ ਹੈ। 16 ਤਰੀਕ ਤੋਂ ਹਵਾਵਾਂ ਦਾ ਰੁਖ਼ ਬਦਲ ਜਾਵੇਗਾ। ਪਹਾੜਾਂ ‘ਤੇ ਵੈਸਟਰਨ ਡਿਸਟਰਬੈਂਸ ਬਣੇਗਾ ਜਿਸ ਦੀ ਵਜ੍ਹਾ ਤੋਂ ਪਹਾੜਾਂ ‘ਤੇ ਬਰਫਬਾਰੀ ਤੇ ਪੰਜਾਬ ਵਿਚ ਮੀਂਹ ਦੀ ਸੰਭਾਵਨਾ ਹੈ। ਅਜਿਹੇ ਵਿਚ ਨਿਊਨਤਮ ਤਾਪਮਾਨ ਤੇਜ਼ੀ ਨਾਲ ਵਧੇਗਾ ਤੇ ਇਹ 5 ਤੋਂ 7 ਡਿਗਰੀ ਤੱਕ ਪਹੁੰਚ ਸਕਦਾ ਹੈ। ਪਾਰਾ ਹੇਠਾਂ ਡਿੱਗੇਗਾ ਤੇ ਮੀਂਹ ਪੈ ਸਕਦਾ ਹੈ।

