Site icon Amritsar Awaaz

ਪੰਜਾਬ ‘ਚ ਅਗਲੇ 4 ਦਿਨਾਂ ਲਈ ਸੰਘਣੀ ਧੁੰਦ ਤੇ ਕੋਲਡ ਵੇਵ ਦਾ ਅਲਰਟ, ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ :

ਪੰਜਾਬ ਵਿਚ ਅੱਜ ਕੁਝ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਤੇ ਕੋਲਡ ਵੇਵ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਰੈੱਡ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅੰਮ੍ਰਿਤਸਰ ਤੇ ਹਲਵਾਰਾ ਵਿਚ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ।
ਅੱਜ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿਚ ਕਈ ਥਾਵਾਂ ‘ਤੇ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ, ਮੋਹਾਲੀ ਤੇ ਮਾਲੇਰੋਕਟਲਾ ਵਿਚ ਕੁਝ ਥਾਵਾਂ ‘ਤੇ ਸੰਘਣੀ ਧੁੰਦ ਰਹਿ ਸਕਦੀ ਹੈ। ਹਾਲਾਂਕਿ ਮੌਸਮ ਖੁਸ਼ਕ ਰਹੇਗਾ।
ਦੂਜੇ ਪਾਸੇ 4 ਅਤੇ 5 ਜਨਵਰੀ ਨੂੰ ਮੌਸਮ ਵਿਭਾਗ ਅਨੁਸਾਰ ਕੁਝ ਇਲਾਕਿਆਂ ‘ਚ ਥੋੜ੍ਹਾ ਸੁਧਾਰ ਆ ਸਕਦਾ ਹੈ, ਕੁਝ ਥਾਵਾਂ ‘ਤੇ ਸੀਤ ਲਹਿਰ ਦਾ ਅਸਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਧੁੰਦ ਅਤੇ ਕੜੀ ਠੰਢ ਦੇ ਮੱਦੇਨਜ਼ਰ ਗੈਰ-ਜ਼ਰੂਰੀ ਯਾਤਰਾ ਤੋਂ ਬਚਿਆ ਜਾਵੇ, ਵਾਹਨ ਚਲਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਵਿਅਕਤੀਆਂ ਦਾ ਖ਼ਾਸ ਧਿਆਨ ਰੱਖਿਆ ਜਾਵੇ। ਕਿਸਾਨਾਂ ਨੂੰ ਵੀ ਫ਼ਸਲਾਂ ਅਤੇ ਪਸ਼ੂਆਂ ਦੀ ਸੰਭਾਲ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ ਵਿਚ ਘੱਟੋ-ਘੱਟ ਤਾਪਮਾਨ ਵਿਚ 2 ਤੋਂ 4 ਡਿਗਰੀ ਦੀ ਗਿਰਾਵਟ ਆਏਗੀ, ਇਸ ਦੇ ਬਾਅਦ ਤਾਪਮਾਨ ਵਿਚ ਕੋਈ ਵੱਡਾ ਬਦਲਾਅ ਨਾ ਹੋਣ ਦੀ ਸੰਭਾਵਨਾ ਹੈ। ਬਠਿੰਡਾ ‘ਚ ਵੱਧ ਤੋਂ ਵੱਧ ਦਿਨ ਦਾ ਤਾਪਮਾਨ 18.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਕਈ ਜ਼ਿਲ੍ਹਿਆਂ ‘ਚ 3 ਡਿਗਰੀ ਸੈਲਸੀਅਸ ਤੱਕ ਪਾਰਾ ਡਿੱਗਿਆ।

Exit mobile version