ਅੰਮ੍ਰਿਤਸਰ ਏਅਰਪੋਰਟ ‘ਤੇ ਚੱਕਰ ਲਾਉਂਦੀ ਰਹੀ Delhi ਤੋਂ ਆਈ ਫਲਾਈਟ, ਨਹੀਂ ਮਿਲੀ ਲੈਂਡਿੰਗ ਦੀ ਇਜਾਜ਼ਤ !

ਸੰਘਣੀ ਧੁੰਦ ਅਤੇ ਘੱਟ ਵਿਜੀਬਿਲਟੀ ਨੇ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ‘ਤੇ ਉਡਾਣ ਸੰਚਾਲਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਮੌਸਮ ਦੇ ਮਾੜੇ ਹਾਲਾਤਾਂ ਕਾਰਨ ਕਈ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ, ਡਾਇਵਰਟ ਜਾਂ ਦੇਰੀ ਨਾਲ ਉਡਾਣ ਭਰੀ ਗਈ।
ਰਿਪੋਰਟਾਂ ਮੁਤਾਬਕ ਅੰਮ੍ਰਿਤਸਰ ਹਵਾਈ ਅੱਡੇ ‘ਤੇ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸਥਿਤੀ ਉਦੋਂ ਹੋਰ ਵੀ ਵਿਗੜ ਗਈ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਇੱਕ ਉਡਾਣ ਲੰਬੇ ਸਮੇਂ ਤੱਕ ਹਵਾਈ ਅੱਡੇ ਦੇ ਉੱਪਰ ਚੱਕਰ ਲਗਾਉਂਦੀ ਰਹੀ ਪਰ ਉਸਨੂੰ ਲੈਂਡਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਉਸ ਨੂੰ ਦਿੱਲੀ ਵਾਪਸ ਪਰਤਣਾ ਪਿਆ।
ਮੁੰਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਏਅਰ ਟ੍ਰੈਫਿਕ ਕੰਟਰੋਲ ਨੇ ਲੈਂਡਿੰਗ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਡਾਣ ਨੂੰ ਜੈਪੁਰ ਮੋੜ ਦਿੱਤਾ ਗਿਆ। ਦੁਬਈ ਤੋਂ ਅੰਮ੍ਰਿਤਸਰ ਪਹੁੰਚਣ ਵਾਲੀ ਇੱਕ ਉਡਾਣ ਨੂੰ ਦਿੱਲੀ ਡਾਇਵਰਟ ਕਰ ਦਿੱਤਾ ਗਿਆ। ਦੇਰ ਰਾਤ ਲਗਭਗ ਇੱਕ ਵਜੇ ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਨੰ. IX-192 ਵੀ ਦਿੱਲੀ ਡਾਇਵਰਟ ਕਰ ਦਿੱਤੀ ਗਈ।
ਇਸ ਤੋਂ ਇਲਾਵਾ ਸਵੇਰੇ 4.20 ਵਜੇ ਅੰਮ੍ਰਿਤਸਰ ਤੋਂ ਦੋਹਾ ਲਈ ਰਵਾਨਾ ਹੋਣ ਵਾਲੀ ਕਤਰ ਏਅਰਵੇਜ਼ ਦੀ ਇੱਕ ਉਡਾਣ ਵੀ ਸਮੇਂ ਸਿਰ ਉਡਾਣ ਨਹੀਂ ਭਰ ਸਕੀ। ਦਿੱਲੀ, ਸ਼੍ਰੀਨਗਰ, ਬੰਗਲੁਰੂ, ਹੈਦਰਾਬਾਦ, ਸ਼ਿਮਲਾ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਅੰਮ੍ਰਿਤਸਰ ਜਾਣ ਵਾਲੀਆਂ ਬਹੁਤ ਸਾਰੀਆਂ ਉਡਾਣਾਂ ਦੇਰੀ ਨਾਲ ਉੱਡੀਆਂ, ਜਿਸ ਕਾਰਨ ਯਾਤਰੀਆਂ ਨੂੰ ਅਸੁਵਿਧਾ ਹੋਈ।

Leave a Reply

Your email address will not be published. Required fields are marked *