ਚੀਫ਼ ਖ਼ਾਲਸਾ ਦੀਵਾਨ ਐਜ਼ੂਕੇਸ਼ਨਲ ਕਮੇਟੀ ਵਲੋਂ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੀ ਤਿਆਰੀਆਂ ਸੰਬੰਧੀ ਇਕੱਤਰਤਾ
ਦੀਵਾਨ ਵੱਲੋਂ ਇੰਟਰ ਸੀ.ਕੇ.ਡੀ ਸਕੂਲ ਯੂਥ ਫੈਸਟੀਵਲ ਸ਼ੁਰੂ ਕਰਵਾਉਣ ਦੇ ਯਤਨ ਕੀਤੇ ਜਾਣਗੇ
ਅੰਮ੍ਰਿਤਸਰ—20—09—2024— ਚੀਫ਼ ਖ਼ਾਲਸਾ ਦੀਵਾਨ ਵੱਲੋਂ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੇ ਆਯੋਜਨ ਲਈ ਨਿਸ਼ਚਿਤ ਸਥਾਨ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਾਪਿਤ ਦੀਵਾਨ ਸਕੂਲ ਐਸ.ਜੀ.ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਜ਼ੂਕੇਸ਼ਨਲ ਕਮੇਟੀ ਵੱਲੋਂ ਇਕੱਤਰਤਾ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਵੱਲੋਂ ਕੀਤੀ ਗਈ। ਮੀਟਿੰਗ ਦੌਰਾਨ ਕਾਨਫਰੰਸ ਆਯੋਜਨ ਸੰਬੰਧੀ ਤਿਆਰੀਆਂ ਜਿਵੇਂ ਸੁਆਗਤੀ ਗੇਟ, ਸਟੇਜਾਂ, ਸੈਮੀਨਾਰ ਗਰਾਊਂਡਸ, ਲੰਗਰ ਵਿਵਸਥਾ, ਲਾਈਟ ਐਂਡ ਸਾਉਂਡ, ਨੁਮਾਇਸ਼ਾਂ, ਨਗਰ—ਕੀਰਤਨ ਦੀ ਰਵਾਨਗੀ ਅਤੇ ਸਮਾਪਤੀ ਸੰਬੰਧੀ ਸਥਾਨ ਨਿਸ਼ਚਿਤ ਕਰਦਿਆਂ ਸਫਲ ਆਯੋਜਨ ਦੀ ਰੂਪ—ਰੇਖਾ ਉਲੀਕੀ ਗਈ।
ਮੀਟਿੰਗ ਦੌਰਾਨ ਚੀਫ਼ ਖ਼ਾਲਸਾ ਦੀਵਾਨ ਵਲੋਂ ਹਰ ਸਾਲ ਇੰਟਰ ਸੀ.ਕੇ.ਡੀ ਸਕੂਲਜ਼ ਯੂਥ ਫੈਸਟੀਵਲ ਕਰਵਾਉਣ ਲਈ ਵਿਸ਼ੇਸ਼ ਯਤਨ ਕਰਨ ਦਾ ਨਿਰਣਾ ਲਿਆ ਗਿਆ ਤਾਂ ਜੋ ਪੜ੍ਹਾਈ ਅਤੇ ਖੇਡਾਂ ਦੇ ਨਾਲ—ਨਾਲ ਬੱਚਿਆਂ ਦੇ ਕਲਚਰਲ ਪ੍ਰਦਰਸ਼ਨ ਰਾਹੀਂ ਉਹਨਾਂ ਦੀ ਕਲਾ ਅਤੇ ਪ੍ਰਤਿਭਾ ਨੂੰ ਨਿਖਾਰਣ ਦਾ ਮੋਕਾ ਦਿੱਤਾ ਜਾ ਸਕੇ। ਆਸ ਕੀਤੀ ਗਈ ਕਿ ਇਹ ਯੂਥ ਫੈਸਟੀਵਲ ਵਿਦਿਆਰਥੀਆਂ ਦੇ ਸਰਬ—ਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਣਗੇ।
ਇਸ ਮੌਕੇ ਮੈਂਬਰ ਸਾਹਿਬਾਨ ਵੱਲੋਂ ਕਾਨਫਰੰਸ ਦੌਰਾਨ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਨੂੰ ਵੀ ਵਿਸ਼ੇਸ਼ ਤੌਰ ਤੇ ਸੱਦਾ ਦੇਣ ਲਈ ਸਹਿਮਤੀ ਪ੍ਰਗਟਾਈ ਗਈ ਤਾਂ ਜੋ ਉੱਘੇ ਵਿਦਵਾਨਾਂ ਅਤੇ ਸਿੱਖ ਪ੍ਰਤੀਨਿਧੀਆਂ ਦੀ ਸ਼ਮੂਲੀਅਤ ਨਾਲ ਗਿਆਨ ਦੀ ਰੌਸ਼ਨੀ ਵਿਚ ਆਧੁਨਿਕ ਸਾਧਨਾਂ ਰਾਹੀਂ ਕਾਨਫਰੰਸ ਦੀ ਸਾਰਥਕਤਾ ਨੂੰ ਵਧਾਇਆ ਜਾ ਸਕੇ।
ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਅਤੇ ਐਜ਼ੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ.ਅਮਰਜੀਤ ਸਿੰਘ ਦੂਆ ਨੇ ਕਿਹਾ ਕਿ ਇਸ ਵਾਰ ਮਿਤੀ 21,22,23 ਨਵੰਬਰ 2024 ਨੂੰ ਹੋਣ ਜਾ ਰਹੀ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਪੰਜਾਬੀ ਭਾਸ਼ਾ ਦੀ ਮਹਾਨਤਾ ਨੂੰ ਸਮਰਪਿਤ ਕੀਤੀ ਗਈ ਹੈ ਤਾਂ ਜੋ ਸਿੱਖ ਧਰਮ ਨਾਲ ਜੁੜੀ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ ਤੇ ਪਛਾਣ ਦੇ ਕੇ ਇਸ ਦਾ ਮਾਣ—ਸਤਿਕਾਰ ਵਧਾਉਂਦਿਆਂ ਇਸ ਭਾਸ਼ਾ ਨੂੰ ਮਜ਼ਬੂਤੀ ਦਿੱਤੀ ਜਾ ਸਕੇ ਅਤੇ ਨਵੀਂ ਪੀੜ੍ਹੀ ਦਾ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਅਤੇ ਨੇੜਤਾ ਵਧਾਈ ਜਾ ਸਕੇ। ਉਹਨਾਂ ਕਾਨਫਰੰਸ ਦੀ ਸਫ਼ਲਤਾ ਲਈ ਟੀਮ ਵਰਕ ਅਤੇ ਆਪਸੀ ਸਹਿਯੋਗ ਦੀ ਲੋੜ੍ਹ ਤੇ ਜ਼ੋਰ ਦਿੱਤਾ ਅਤੇ ਸਭ ਨੂੰ ਇਕਜੁੱਟ ਹੋ ਕੇ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ।
ਮੀਟਿੰਗ ਦੌਰਾਨ ਕਾਨਫਰੰਸ ਦੀਆਂ ਰਿਵਾਇਤਾਂ ਅਨੁਸਾਰ ਤਿੰਨ ਰੋਜਾਂ ਕਾਨਫਰੰਸ ਦੇ ਅੰਤਿਮ ਦਿਨ ਐਜ਼ੂਕੇਸ਼ਨਲ ਕਮੇਟੀ ਵੱਲੋਂ ਰੀਲਿਜ਼ ਕੀਤੇ ਜਾਣ ਵਾਲੇ ਸੋਵੀਨਰ ਦੇ ਪ੍ਰਕਾਸ਼ਨ ਲਈ ਕਮੇਟੀ ਬਣਾਈ ਗਈ ਜਿਸ ਵਿਚ ਡਾ.ਜਸਬੀਰ ਸਿੰਘ ਸਾਬਰ, ਪ੍ਰਿੰਸੀਪਲ ਯਸ਼ਪ੍ਰੀਤ ਕੌਰ ਅਤੇ ਡਾ.ਜਸਵਿੰਦਰ ਕੌਰ ਮਾਹਲ ਨੂੰ ਸ਼ਾਮਲ ਕੀਤਾ ਗਿਆ। ਇਸ ਸੋਵੀਨਰ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਸ਼ਾਨਦਾਰ ਇਤਿਹਾਸ, ਕਾਨਫਰੰਸ ਦੇ ਮਨੋਰਥ, ਦੀਵਾਨ ਅਹੁਦੇਦਾਰਾਂ ਅਤੇ ਵਿਦਵਾਨਾਂ ਦੇ ਲੇਖ, ਉੱਘੀਆਂ ਸਖ਼ਸ਼ੀਅਤਾਂ ਦੇ ਸੰਦੇਸ਼ ਅਤੇ ਦੀਵਾਨ ਅਦਾਰਿਆਂ ਬਾਬਤ ਵਿਸਥਾਰਪੂਰਵਕ ਜਾਣਕਾਰੀ ਪ੍ਰਕਾਸ਼ਤ ਕੀਤੀ ਜਾਂਦੀ ਹੈ।
ਇਸ ਮੌਕੇ ਕਾਨਫਰੰਸ ਦੌਰਾਨ ਕਰਵਾਏ ਜਾ ਰਹੇ ਸੈਮੀਨਾਰਜ਼ ਦੇ ਪੰਜਾਬੀ ਅਤੇ ਖੇਤੀ ਬਾੜੀ ਸੰਬੰਧੀ ਵਿਸਿ਼ਆਂ ਵਿਚ ਵਾਧਾ ਕਰਦਿਆਂ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿੱਖਿਆ ਦਾ ਮਾਪਦੰਡ** ਵਿਸ਼ਾ ਵੀ ਸ਼ਾਮਿਲ ਕੀਤਾ ਗਿਆ।
ਇਸ ਮੋਕੇ ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇੇਠੀ, ਕਾਰਜਕਾਰੀ ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਐਜ਼ੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ.ਅਮਰਜੀਤ ਸਿੰਘ ਦੂਆ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਸ੍ਰ.ਰਾਬਿੰਦਰਬੀਰ ਸਿੰਘ ਭੱਲਾ, ਬੀਬੀ ਪ੍ਰਭਜੋਤ ਕੌਰ (ਚੰਡੀਗੜ੍ਹ) ਡਾਇਰੈਕਟਰ ਏ.ਪੀ.ਐਸ ਚਾਵਲਾ ਅਤੇ ਵੱਖ—ਵੱਖ ਸਕੂਲਾਂ ਦੇ ਪ੍ਰਿੰਸੀਪਲਜ਼ ਸ਼ਾਮਲ ਸਨ।