Site icon Amritsar Awaaz

Sangrur News : ਪ੍ਰਵਾਸੀ ਮਜ਼ਦੂਰ ਨੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ‘ਚ ਕੀਤਾ ਰਿਸ਼ਤੇਦਾਰ ਦਾ ਕਤਲ, ਸਿਰ ‘ਚ ਲੋਹੇ ਦੀ ਪਾਈਪ ਮਾਰ ਕੇ ਉਤਾਰਿਆ ਮੌਤ ਦੇ ਘਾਟ !

ਨਿਤਿਨ ਦੇ ਦੱਸਣ ਮੁਤਾਬਕ ਉਸਦੇ ਪਿਤਾ ਲਾਲ ਬਹਾਦੁਰ ਨੇ ਉਕਤ ਸ਼ਾਮੂ ਤੋਂ 20 ਹਜ਼ਾਰ ਰੁਪਏ ਲੈਣੇ ਸਨ। ਪੈਸਿਆਂ ਦੀ ਮੰਗ ਕਰਨ ‘ਤੇ ਸ਼ਾਮੂ ਮੇਰੇ ਪਿਤਾ ਨੂੰ ਅੱਖਾਂ ਦਿਖਾਉਣ ਲੱਗ ਪਿਆ। ਇਸ ਦੌਰਾਨ ਮੌਕੇ ‘ਤੇ ਆਏ ਪੋਲਟਰੀ ਫਾਰਮ ਦੇ ਮਾਲਕ ਨੇ ਸ਼ਾਮੂ ਨੂੰ ਸਮਝਾਉਂਦੇ ਹੋਏ ਮਿਲ ਬੈਠ ਕੇ ਮਾਮਲਾ ਸੁਲਝਾਉਣ ਦੀ ਗੱਲ ਕੀਤੀ।

ਬੀਤੀ ਰਾਤ ਪਿੰਡ ਘਰਾਚੋਂ ਵਿਖੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ‘ਚ ਇਕ ਪ੍ਰਵਾਸੀ ਨੇ ਲੋਹੇ ਦੀ ਪਾਈਪ ਨਾਲ ਵਾਰ ਕਰਕੇ ਆਪਣੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨਿਤਿਨ ਕੁਮਾਰ ਸੈਣੀ (32) ਪੁੱਤਰ ਲਾਲ ਬਹਾਦੁਰ ਉਰਫ਼ ਛੋਟੇ ਵਾਸੀ ਮੁਹੱਲਾ ਮੈਦਾਨਪੁਰਾ ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼) ਹਾਲ ਅਬਾਦ ਪੋਲਟਰੀ ਫਾਰਮ ਗੁਰਦੀਪ ਸਿੰਘ ਪਿੰਡ ਭੈਣੀ ਵਾਗਾ ਮਾਨਸਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ 60 ਸਾਲਾ ਪਿਤਾ ਲਾਲ ਬਹਾਦੁਰ ਉਰਫ਼ ਛੋਟੇ ਜੋ ਮੂਨਕ ਦੇ ਪਿੰਡ ਹਮੀਰਗੜ੍ਹ ਵਿਖੇ ਕੰਮ ਕਰਦਾ ਸੀ। ਬੀਤੀ ਸ਼ਾਮ ਉਹ ਆਪਣੇ ਪਿਤਾ ਨਾਲ ਆਪਣੇ ਰਿਸ਼ਤੇਦਾਰ ਸ਼ਾਮੂ ਪੁੱਤਰ ਲੰਕੁਸ਼ ਨਾਰਾਇਣ ਵਾਸੀ ਛੋਛਪੁਰ ਜ਼ਿਲ੍ਹਾ ਹਰਦੋਈ (ਉੱਤਰ ਪ੍ਰਦੇਸ਼) ਕੋਲ ਪਿੰਡ ਘਰਾਚੋਂ ਵਿਖੇ ਘੁਮਾਣ ਮੁਰਗੀ ਫਾਰਮ ‘ਤੇ ਆਏ ਸਨ।

ਨਿਤਿਨ ਦੇ ਦੱਸਣ ਮੁਤਾਬਕ ਉਸਦੇ ਪਿਤਾ ਲਾਲ ਬਹਾਦੁਰ ਨੇ ਉਕਤ ਸ਼ਾਮੂ ਤੋਂ 20 ਹਜ਼ਾਰ ਰੁਪਏ ਲੈਣੇ ਸਨ। ਪੈਸਿਆਂ ਦੀ ਮੰਗ ਕਰਨ ‘ਤੇ ਸ਼ਾਮੂ ਮੇਰੇ ਪਿਤਾ ਨੂੰ ਅੱਖਾਂ ਦਿਖਾਉਣ ਲੱਗ ਪਿਆ। ਇਸ ਦੌਰਾਨ ਮੌਕੇ ‘ਤੇ ਆਏ ਪੋਲਟਰੀ ਫਾਰਮ ਦੇ ਮਾਲਕ ਨੇ ਸ਼ਾਮੂ ਨੂੰ ਸਮਝਾਉਂਦੇ ਹੋਏ ਮਿਲ ਬੈਠ ਕੇ ਮਾਮਲਾ ਸੁਲਝਾਉਣ ਦੀ ਗੱਲ ਕੀਤੀ। ਇਸ ‘ਤੇ ਸ਼ਾਮੂ ਨੇ ਪਿਆਰ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੂੰ ਰਾਤ ਨੂੰ ਆਪਣੇ ਕੋਲ ਪੋਲਟਰੀ ਫਾਰਮ ਵਿਖੇ ਹੀ ਰੋਕ ਲਿਆ।

ਸ਼ਿਕਾਇਤਕਰਤਾ ਨਿਤਿਨ ਨੇ ਦੱਸਿਆ ਕਿ ਰਾਤ ਨੂੰ ਉਸਦਾ ਪਿਤਾ ‘ਤੇ ਸ਼ਾਮੂ ਹੇਠਲੇ ਕਮਰੇ ਵਿਚ ਪਏ ਸਨ ਜਦੋਂਕਿ ਉਹ ਉੱਪਰਲੇ ਕਮਰੇ ਵਿਚ ਸੋ ਰਿਹਾ ਸੀ। ਰਾਤ ਕਰੀਬ 11:30 ਵਜੇ ਉਸਨੂੰ ਆਪਣੇ ਪਿਤਾ ਦੀਆਂ ਚੀਖਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸਨੇ ਦੇਖਿਆ ਕਿ ਸ਼ਾਮੂ ਲੋਹੇ ਦੀ ਪਾਈਪ ਨਾਲ ਉਸਦੇ ਪਿਤਾ ਦੀ ਕੁੱਟਮਾਰ ਕਰ ਰਿਹਾ ਸੀ ‘ਤੇ ਉਸਨੂੰ ਦੇਖਦੇ ਹੀ ਸ਼ਾਮੂ ਨੇ ਲੋਹੇ ਦੀ ਪਾਈਪ ਉਸਦੇ ਪਿਤਾ ਦੇ ਸਿਰ ‘ਚ ਮਾਰੀ ਜਿਸ ਨਾਲ ਉਸਦਾ ਪਿਤਾ ਜ਼ਮੀਨ ‘ਤੇ ਡਿੱਗ ਪਿਆ।

ਸ਼ੋਰ ਮਚਾਉਣ ‘ਤੇ ਸ਼ਾਮੂ ਉਸਨੂੰ ਵੀ ਮਾਰਨ ਲਈ ਦੌੜਿਆ ਜਿਸ ਤੋਂ ਡਰ ਕੇ ਉਸਨੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰ ਲਿਆ। ਇਸ ਤੋਂ ਬਾਅਦ ਸ਼ਾਮੂ ਖੇਤਾਂ ਵੱਲ ਭੱਜ ਗਿਆ। ਨਿਤਿਨ ਨੇ ਦੱਸਿਆ ਕਿ ਸਵੇਰ ਹੋਣ ‘ਤੇ ਪੋਲਟਰੀ ਫਾਰਮ ਮਾਲਕ ਦੇ ਆਉਣ ‘ਤੇ ਉਹ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਪੌੜੀ ਕੋਲ ਉਸਦਾ ਪਿਤਾ ਲਾਲ ਬਹਾਦੁਰ ਮ੍ਰਿਤਕ ਹਾਲਤ ਵਿਚ ਪਿਆ ਸੀ।ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕਥਿਤ ਮੁਲਜ਼ਮ ਸ਼ਾਮੂ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ।

ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਬਾਕੀ : ਐੱਸਐੱਚਓ

ਸੋਮਵਾਰ ਸ਼ਾਮ ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ‘ਚ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

Exit mobile version