ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ‘ਬੇਗਮਪੁਰਾ ਸਪੈਸ਼ਲ ਐਕਸਪ੍ਰੈਸ’ ਦੁਪਹਿਰ 3.40 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਰਵਾਨਾ ਹੋਵੇਗੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ‘ਤੇ 1 ਫਰਵਰੀ ਨੂੰ ਹੋਣ ਵਾਲੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਿਰਕਤ ਕਰਨ ਲਈ ਜਲੰਧਰ ਸਥਿਤ ਡੇਰਾ ਬੱਲਾਂ ਵਿਖੇ ਪਹੁੰਚ ਰਹੇ ਹਨ। ਡੇਰਾ ਸੱਚਖੰਡ ਬੱਲਾਂ ਦੇ ਚੇਅਰਮੈਨ ਅਤੇ ਸ੍ਰੀ ਗੁਰੂ ਰਵਿਦਾਸ ਪਬਲਿਕ ਬਰਥ ਪਲੇਸ ਚੈਰੀਟੇਬਲ ਟਰਸਟ ਬਨਾਰਸ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਅਗਵਾਈ ਹੇਠ ਸੰਗਤ ਰਵਾਨਾ ਹੋਵੇਗੀ।
ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸ਼ਰਧਾਲੂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਿਟੀ ਰੇਲਵੇ ਸਟੇਸ਼ਨ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਮੁੱਖ ਜਥਾ ਡੇਰਾ ਬੱਲਾਂ ਤੋਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਟੇਸ਼ਨ ਪਹੁੰਚੇਗਾ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੇ ਸਵਾਗਤ ਲਈ ਸਟੇਜਾਂ ਸਜਾਈਆਂ ਗਈਆਂ ਹਨ। ਰੇਲਵੇ ਸਟੇਸ਼ਨ ਦੇ ਬਾਹਰ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਈਆਂ ਸਟੇਜਾਂ ‘ਤੇ ਭਜਨਾਂ ਦਾ ਦੌਰ ਜਾਰੀ ਹੈ ਅਤੇ ਸ਼ਰਧਾਲੂਆਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਹਨ।
30 ਜਨਵਰੀ ਨੂੰ ਪਹੁੰਚੇਗੀ ਟ੍ਰੇਨ ਬੇਗਮਪੁਰਾ
ਸਪੈਸ਼ਲ ਐਕਸਪ੍ਰੈਸ ਟ੍ਰੇਨ 30 ਜਨਵਰੀ ਨੂੰ ਦੁਪਹਿਰ ਵੇਲੇ ਵਾਰਾਣਸੀ ਸਟੇਸ਼ਨ ਪਹੁੰਚੇਗੀ। ਇਸ ਟ੍ਰੇਨ ਵਿੱਚ ਕੁੱਲ 25 ਕੋਚ ਹਨ, ਜਿਸ ਵਿੱਚ ਲਗਭਗ 1500 ਤੋਂ 2000 ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਸੀਰ ਗੋਵਰਧਨਪੁਰ ਕਾਸ਼ੀ (ਬਨਾਰਸ) ਵਿੱਚ ਮੱਥਾ ਟੇਕਣਗੇ। 1 ਫਰਵਰੀ ਨੂੰ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਦੇਖ-ਰੇਖ ਹੇਠ ਇੱਕ ਵਿਸ਼ਾਲ ਪੰਡਾਲ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਪ੍ਰੋਗਰਾਮਾਂ ਵਿੱਚ ਲੱਖਾਂ ਸ਼ਰਧਾਲੂ ਹਿੱਸਾ ਲੈਣਗੇ। ਪ੍ਰਕਾਸ਼ ਪੁਰਬ ਮਨਾਉਣ ਤੋਂ ਬਾਅਦ ਸੰਗਤ ਵਾਪਸ ਜਲੰਧਰ ਪਰਤੇਗੀ।

