ਇਸ ਜੰਗ ਤੋਂ ਬਾਅਦ ਇਥੇ ਤਬਾਹੀ ਦਾ ਮੰਜ਼ਰ ਬਣਿਆ ਅਤੇ ਇਸ ਬੇ-ਚਿਰਾਗ ਹੋਏ ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸ੍ਰੀ ਗੋਬਿੰਦਪੁਰ ਸ਼ਹਿਰ ਦਾ ਨਿਰਮਾਣ ਕਰਵਾਇਆ ਗਿਆ, ਜੋ ਅੱਜ-ਕੱਲ੍ਹ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ।
ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਤੋਂ ਕਰੀਬ 30 ਕਿਲੋਮੀਟਰ ਦੂਰੀ ’ਤੇ ਬਿਆਸ ਦਰਿਆ ਦੇ ਕੰਢੇ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਥੇਹ ’ਤੇ ਵਸਾਇਆ ਪਿੰਡ ਰੁਹੇਲਾ ਖੰਡਰਾਂ ਵਿਚ ਅਲੋਪ ਹੋ ਗਿਆ ਸੀ। ਰੁਹੇਲਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਖੰਡਰਾਂ ਦਾ ਰੂਪ ਧਾਰੀ ਨਜ਼ਰ ਆਉਂਦਾ ਹੈ, ਇਸ ਦਾ ਨਾਮ ਬਾਅਦ ਵਿਚ ਸ੍ਰੀ ਗੋਬਿੰਦਪੁਰ ਸ਼ਹਿਰ ਅਤੇ ਹੁਣ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਜਿਥੇ ਅੱਜ-ਕੱਲ੍ਹ ਖੰਡਰਾਂ ਤੋਂ ਇਲਾਵਾ ਗੁਰੂ ਸਾਹਿਬ ਵੇਲੇ ਦਾ ਇਕ ਢੱਠਾ ਹੋਇਆ ਪੁਰਾਤਨ ਖੂਹ ਬਚਿਆ ਹੋਇਆ ਹੈ। ਇਤਿਹਾਸਕਾਰਾਂ ਮੁਤਾਬਕ ਗੁਰੂ ਅਰਜਨ ਦੇਵ ਜੀ ਵੱਲੋਂ 1587 ਵਿਚ ਵਸਾਇਆ ਪਿੰਡ ਰੁਹੇਲਾ ਚੰਦੂ ਦੀਆਂ ਚਾਲਾਂ ਅਤੇ ਮਦਦ ਕਾਰਨ ਭਗਵਾਨ ਦਾਸ ਘਰੇੜ ਨੇ ਇਸ ਪਿੰਡ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਥੇਹ ’ਤੇ ਵੱਸੇ ਇਸ ਪਿੰਡ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਦਹਾਕਿਆਂ ਮਗਰੋਂ ਜੰਗ ਲੜ ਕੇ ਭਗਵਾਨ ਦਾਸ ਦੇ ਕਬਜ਼ੇ ਵਿਚੋਂ ਛੁਡਾਇਆ ਸੀ ਅਤੇ ਇਸ ਜੰਗ ਦੌਰਾਨ ਭਗਵਾਨ ਦਾਸ ਮਾਰਿਆ ਗਿਆ, ਜਿਸ ਤੋਂ ਬਾਅਦ ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਨੇ ਚੰਦੂ ਸ਼ਾਹ ਦੇ ਲੜਕੇ ਕਰਮ ਚੰਦ ਨੂੰ ਨਾਲ ਲੈ ਕੇ ਜਲੰਧਰ ਦੇ ਫੌਜਦਾਰ ਦੀ ਮਦਦ ਮੰਗੀ, ਜਿਸ ਨੇ ਗੁਰੂ ਸਾਹਿਬ ਨੂੰ ਇਸ ਜਗ੍ਹਾ ਵਿੱਚੋਂ ਖਦੇੜਨ ਲਈ ਇਨ੍ਹਾਂ ਨਾਲ ਫੌਜ ਭੇਜ ਦਿੱਤੀ। ਇਸ ਦੌਰਾਨ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੋਈ ਜੰਗ ਦੌਰਾਨ ਰਤਨ ਚੰਦ ਅਤੇ ਕਰਮ ਚੰਦ ਵੀ ਮਾਰੇ ਗਏ ਤੇ ਉਨ੍ਹਾਂ ਦੇ ਬਾਕੀ ਸਾਥੀ ਮੈਦਾਨ ਛੱਡ ਕੇ ਭੱਜ ਗਏ ਸਨ।
ਇਸ ਜੰਗ ਤੋਂ ਬਾਅਦ ਇਥੇ ਤਬਾਹੀ ਦਾ ਮੰਜ਼ਰ ਬਣਿਆ ਅਤੇ ਇਸ ਬੇ-ਚਿਰਾਗ ਹੋਏ ਪਿੰਡ ਤੋਂ ਅੱਧਾ ਕਿਲੋਮੀਟਰ ਦੂਰ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸ੍ਰੀ ਗੋਬਿੰਦਪੁਰ ਸ਼ਹਿਰ ਦਾ ਨਿਰਮਾਣ ਕਰਵਾਇਆ ਗਿਆ, ਜੋ ਅੱਜ-ਕੱਲ੍ਹ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਕਸਬੇ ਵਿਚ ਜਿੱਥੇ ਗੁਰੂ ਸਾਹਿਬ ਵੱਲੋਂ ਹਿੰਦੂਆਂ ਲਈ ਮੰਦਰ ਅਤੇ ਮੁਸਲਮਾਨਾਂ ਲਈ ਮਸੀਤ ਤਿਆਰ ਕਰਵਾਈ ਗਈ, ਜਿਸ ਨੂੰ ਅੱਜ-ਕੱਲ੍ਹ ਇਤਿਹਾਸ ਦੇ ਪੰਨਿਆਂ ਵਿਚ ਗੁਰੂ ਕੀ ਮਸੀਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਥੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਸਥਿਤ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਾਰਮਿਕ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਭਾਵੇਂ ਕਿ ਸ਼ਹਿਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਅੱਜ ਵੀ ਬਹੁਤ ਸਾਰੀਆਂ ਇਤਿਹਾਸਕ ਨਿਸ਼ਾਨੀਆਂ ਵੇਖਣ ਨੂੰ ਮਿਲ ਜਾਂਦੀਆਂ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਪੁਰਾਤਨ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇ-ਬੇ-ਚਿਰਾਗ਼ ਹੋਏ ਇਸ ਇਤਿਹਾਸਕ ਪਿੰਡ ਰੁਹੇਲਾ ਦੀ ਵਿਰਾਸਤ ਨੂੰ ਸੰਭਾਲਣ ਵਿਚ ਪੱਛੜੀ ਹੋਈ ਹੈ। ਇਸੇ ਕਰਕੇ ਹੀ ਰੁਹੇਲਾ ਪਿੰਡ ਵਿਚ ਗੁਰੂ ਸਾਹਿਬ ਵੇਲੇ ਦਾ ਇਤਿਹਾਸਕ ਖੂਹ ਢਹਿ-ਢੇਰੀ ਹੋ ਕੇ ਅਲੋਪ ਹੁੰਦਾ ਜਾ ਰਿਹਾ ਹੈ ਅਤੇ ਇਸ ਖੰਡਰ ਹੋਏ ਇਤਿਹਾਸਕ ਪਿੰਡ ਰੁਹੇਲਾ ਦੇ ਥੇਹਾਂ ਦੀਆਂ ਖੱਡਾਂ ਵਿਚੋਂ ਨਿਕਲਦੇ ਬੱਬਰੇ ਮਨੁੱਖੀ ਵਸੋਂ ਦੀ ਗਵਾਹੀ ਆਪ ਭਰਦੇ ਹਨ।

