ਮੇਅਰ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਐਕਸ ’ਤੇ ਜ਼ੁਬਾਨੀ ਜੰਗ:

ਮੇਅਰ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਆਪਸੀ ਸਹਿਮਤੀ ਬਣਨ ਹੀ ਵਾਲੀ ਸੀ ਕਿ ਦੋਵੇਂ ਦਲਾਂ ਦੇ ਆਗੂਆਂ ਦਰਮਿਆਨ ਐਕਸ (ਪਹਿਲਾਂ ਟਵਿੱਟਰ) ‘ਤੇ ਜ਼ੁਬਾਨੀ ਜੰਗ ਛਿੜ ਗਈ। ਲੋਕ ਸਭਾ ਚੋਣਾਂ ਵਿੱਚ ਚੰਡੀਗੜ੍ਹ ਸੰਸਦੀ ਸੀਟ ਲਈ ਗਠਜੋੜ ਦੇ ਉਮੀਦਵਾਰ ਵਜੋਂ ਮੌਜੂਦਾ ਸਾਂਸਦ ਮਨੀਸ਼ ਤਿਵਾਰੀ ਨੇ ਜਿੱਤ ਦਰਜ ਕੀਤੀ ਸੀ। ਸਾਲ 2024 ਅਤੇ 2025 ਦੀਆਂ ਮੇਅਰ ਚੋਣਾਂ ਵਿੱਚ ਵੀ ਗਠਜੋੜ ਨੇ ਇਕੱਠੇ ਹੋ ਕੇ ਚੋਣ ਲੜੀ ਸੀ। ਹੁਣ 2026 ਵਿੱਚ ਵੀ ਇਸੇ ਤਰ੍ਹਾਂ ਦੇ ਸੰਭਾਵਿਤ ਗਠਜੋੜ ਦੀ ਗੱਲ ਕੀਤੀ ਜਾ ਰਹੀ ਹੈ।

ਇਸ ਦੌਰਾਨ ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਹੱਥ ਮਿਲਾਉਂਦੀ ਤਸਵੀਰ ਪਾਰਟੀ ਦੇ ਵਟਸਐਪ ਗਰੁੱਪ ਵਿੱਚ ਸਾਂਝੀ ਕਰਵਾਈ ਅਤੇ ਐਕਸ ‘ਤੇ ਪੋਸਟ ਕਰਕੇ ਪਿਛਲੇ ਸਾਲ ਦੀ ਮੇਅਰ ਚੋਣ ਨੂੰ ਆਧਾਰ ਬਣਾਉਂਦਿਆਂ ਤੰਜ ਕੱਸਿਆ। ਉਨ੍ਹਾਂ ਲਿਖਿਆ ਕਿ ਇਕ ਪਾਸੇ ਕਟੜ ਵਿਰੋਧੀ ਅਤੇ ਦੂਜੇ ਪਾਸੇ ਸੱਤਾ ਵਿੱਚ ਭਾਈਵਾਲੀ—ਚੰਡੀਗੜ੍ਹ ਵਿੱਚ ਭਾਜਪਾ ਦਾ ਮੇਅਰ ਅਤੇ ਕਾਂਗਰਸ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਹੋਣਾ, ਭਾਜਪਾ-ਕਾਂਗਰਸ ਗਠਜੋੜ ਦਾ ਮਜ਼ਬੂਤ ਸਬੂਤ ਹੈ। “ਤੁਹਾਡੀ ਇਹ ਨੂਰਾ ਕੁਸ਼ਤੀ ਹੁਣ ਦੇਸ਼ ਸਮਝ ਚੁੱਕਾ ਹੈ। ਇਹ ਖੇਡ ਹੁਣ ਹੋਰ ਲੰਬੀ ਨਹੀਂ ਚੱਲੇਗੀ।”

ਇਸ ਦੇ ਜਵਾਬ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੇ ਐਕਸ ’ਤੇ ਲਿਖਿਆ ਕਿ ਜਦੋਂ 2024 ਵਿੱਚ ਮੇਅਰ ਆਪ ਦਾ ਬਣਿਆ ਸੀ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਭਾਜਪਾ ਦੇ ਸਨ, ਤਦੋਂ ਆਪ ਕਿਹੜੀ ਕੁਸ਼ਤੀ ਖੇਡ ਰਹੇ ਸਨ?

ਐਕਸ ‘ਤੇ ਇਹ ਜ਼ੁਬਾਨੀ ਜੰਗ ਉਸ ਸਮੇਂ ਹੋਈ ਹੈ ਜਦੋਂ ਗਠਜੋੜ ਨੂੰ ਲੈ ਕੇ ਰੁਖ ਸਾਫ਼ ਹੋਣ ਲੱਗਾ ਸੀ। ਦਰਅਸਲ, ਸੋਮਵਾਰ ਨੂੰ ਹੀ ਕਾਂਗਰਸ ਪਾਰਟੀ ਨੇ ਸਾਂਸਦਾਂ ਨਾਲ ਮੀਟਿੰਗ ਕਰਕੇ ਆਪਣਾ ਰੁਖ ਸਪਸ਼ਟ ਕੀਤਾ ਸੀ ਕਿ ਕਾਂਗਰਸ ਕਿਸੇ ਵੀ ਅਜਿਹੇ ਰਾਜਨੀਤਿਕ ਸੰਗਠਨ ਜਾਂ ਗਠਜੋੜ ਨੂੰ ਸਮਰਥਨ ਦੇਵੇਗੀ

ਜੋ ਭਾਜਪਾ ਨੂੰ ਹਰਾਉਣ ਵਿੱਚ ਸਮਰੱਥ ਹੋਵੇ। ਪਰ ਮੌਜੂਦਾ ਐਕਸ ਪੋਸਟਾਂ ਨੇ ਰਿਸ਼ਤਿਆਂ ਵਿੱਚ ਖਟਾਸ ਪੈਦਾ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਡੈਮੇਜ ਕੰਟਰੋਲ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ। ਦੂਜੇ ਪਾਸੇ, ਭਾਜਪਾ ਚਾਹੁੰਦੀ ਹੈ ਕਿ ਗਠਜੋੜ ਦੀ ਗੱਠ ਪੂਰੀ ਤਰ੍ਹਾਂ ਖੁੱਲ ਜਾਵੇ ਤਾਂ ਜੋ ਉਸ ਦੇ ਮੇਅਰ ਉਮੀਦਵਾਰ ਦੀ ਬਿਨਾਂ ਮੁਕਾਬਲੇ ਤਾਜਪੋਸ਼ੀ ਹੋ ਸਕੇ।

Leave a Reply

Your email address will not be published. Required fields are marked *