ਫਿਲਮ ਅਭਿਨੇਤਰੀ ਕੰਗਨਾ ਰਣੌਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਣਹਾਨੀ ਮਾਮਲੇ ‘ਚ ਕੰਗਨਾ ਰਣੌਤ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਦੀ ਮਨਜ਼ੂਰੀ ਨਹੀਂ ਮਿਲੀ ਹੈ।
ਬਠਿੰਡਾ ਕੋਰਟ ਨੇ ਹਾਜ਼ਰੀ ਮੁਆਫ਼ੀ ਦੀ ਅਰਜ਼ੀ ਰੱਦ ਕੀਤੀ ਹੈ ਤੇ ਨਾਲ ਹੀ ਕੰਗਨਾ ਨੂੰ 15 ਜਨਵਰੀ ਨੂੰ ਬਠਿੰਡਾ ਕੋਰਟ ‘ਚ ਪੇਸ਼ ਹੋਣ ਹੁਕਮ ਦੇ ਦਿੱਤੇ ਹਨ।ਦੱਸ ਦੇਈਏ ਕਿ ਸਾਲ 2021 ਵਿਚ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਬੇਬੇ ਮਹਿੰਦਰ ਕੌਰ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਕਰਕੇ ਬੇਬੇ ਮਹਿੰਦਰ ਕੌਰ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ।
ਕੰਗਨਾ ਨੇ ਬਿਆਨ ਦਿੱਤਾ ਸੀ ਕਿ ਕਿਸਾਨੀ ਧਰਨੇ ਵਿਚ ਬੈਠੀਆਂ ਮਹਿਲਾਵਾਂ ਪੈਸੇ ਲੈ ਕੇ ਬੈਠੀਆਂ ਹਨ। ਕੁਝ ਸਮਾਂ ਪਹਿਲਾਂ ਬਠਿੰਡਾ ਕੋਰਟ ਵਿਚ ਪੇਸ਼ ਵੀ ਹੋਈ ਸੀ ਪਰ ਹੁਣ ਹਾਜ਼ਰੀ ਮਾਫੀ ਦੀ ਅਰਜ਼ੀ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਹੁਣ ਕੰਗਨਾ ਨੂੰ 15 ਜਨਵਰੀ ਨੂੰ ਅਦਾਲਤ ਵਿਚ ਪੇਸ਼ ਹੋਣਾ ਪਵੇਗਾ ਨਹੀਂ ਤਾਂ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਵੇਗੀ ਤੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਜਾਣਗੇ। ਕੰਗਨਾ ਪਹਿਲਾਂ ਵੀ ਚਾਰ ਵਾਰ ਹਾਜ਼ਰੀ ਮਾਫੀ ਦੀ ਅਰਜ਼ੀ ਲਗਾ ਚੁੱਕੀ ਹੈ। ਇਸ ਸਬੰਧੀ ਕੰਗਨਾ ਨੇ ਹਵਾਲਾ ਦਿੱਤਾ ਸੀ ਕਿ ਉਸ ਦੇ ਕੁਝ ਆਫੀਸ਼ੀਅਲ ਕੰਮ ਹਨ ਤੇ ਬੰਬੇ ਵਿਚ ਉਨ੍ਹਾਂ ਦੇ ਕੁਝ ਕਮਿਟਮੈਂਟਸ ਹਨ, ਇਸ ਕਰਕੇ ਉਹ ਆਪਣੇ ਕੰਮਾਂ ਦੇ ਚੱਲਦੇ ਫਿਜ਼ੀਕਲੀ ਪੇਸ਼ ਨਹੀਂ ਹੋ ਸਕਦੀ ਪਰ ਕੋਰਟ ਨੇ ਕਿਹਾ ਕਿ ਸਾਡਾ ਬੇਵਜ੍ਹਾ ਸਮਾਂ ਖਰਾਬ ਨਾ ਕੀਤਾ ਜਾਵੇ।

