Site icon Amritsar Awaaz

ਚੰਡੀਗੜ੍ਹ PGI ‘ਚ ਹਾਈ ਬਲੱਡ ਪ੍ਰੈਸ਼ਰ ਦਾ ਸਫ਼ਲ ਇਲਾਜ, 48 ਸਾਲਾ ਮਰੀਜ਼ ਦਾ RDN ਤਕਨੀਕ ਨਾਲ ਆਪ੍ਰੇਸ਼ਨ, ਦਵਾਈਆਂ ਤੋਂ ਛੁਟਕਾਰਾ !

ਡਾ. ਸੌਰਭ ਮਹਿਰੋਤਰਾ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਦਵਾਈਆਂ ਨਾਲ ਕਾਬੂ ਨਹੀਂ ਹੁੰਦਾ, ਖ਼ਾਸ ਕਰਕੇ ਘੱਟ ਉਮਰ ਦੇ ਮਰੀਜ਼ਾਂ ਵਿੱਚ, ਉਨ੍ਹਾਂ ਲਈ ਰੀਨਲ ਡਿਨਰਵੇਸ਼ਨ ਇੱਕ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਵਿਕਲਪ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਅਜਿਹੇ ਮਰੀਜ਼ਾਂ ਦਾ ਸਹੀ ਇਲਾਜ ਭਵਿੱਖ ਵਿੱਚ ਹੋਣ ਵਾਲੀਆਂ ਗੰਭੀਰ ਦਿਲ ਅਤੇ ਦਿਮਾਗ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘਟਾ ਸਕਦਾ ਹੈ।

ਲੰਬੇ ਸਮੇਂ ਤੋਂ ਹਾਈ ਬਲੱਡ ਪ੍ਰੈਸ਼ਰ (High BP) ਨਾਲ ਜੂਝ ਰਹੇ 48 ਸਾਲਾ ਮਰੀਜ਼ ਲਈ ਪੀਜੀਆਈਐਮਈਆਰ (PGIMER) ਵਿੱਚ ਕੀਤਾ ਗਿਆ ਇੱਕ ਨਵਾਂ ਇਲਾਜ ਉਮੀਦ ਦੀ ਨਵੀਂ ਕਿਰਨ ਬਣ ਕੇ ਸਾਹਮਣੇ ਆਇਆ ਹੈ। ਕਈ ਦਵਾਈਆਂ ਲੈਣ ਦੇ ਬਾਵਜੂਦ ਜਦੋਂ ਮਰੀਜ਼ ਦਾ ਬਲੱਡ ਪ੍ਰੈਸ਼ਰ ਕਾਬੂ ਹੇਠ ਨਹੀਂ ਆ ਸਕਿਆ, ਤਾਂ ਡਾਕਟਰਾਂ ਨੇ ਆਧੁਨਿਕ ਤਕਨੀਕ ਨਾਲ ਉਸ ਦਾ ਇਲਾਜ ਕੀਤਾ।

ਪੀਜੀਆਈ ਦੇ ਐਡਵਾਂਸਡ ਕਾਰਡੀਅਕ ਸੈਂਟਰ ਵਿੱਚ ਬੇਕਾਬੂ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਪਹਿਲੀ ਵਾਰ ਰੀਨਲ ਡਿਨਰਵੇਸ਼ਨ (Renal Denervation–RDN) ਪ੍ਰਕਿਰਿਆ ਸਫ਼ਲਤਾਪੂਰਵਕ ਨੇਪਰੇ ਚਾੜ੍ਹੀ ਗਈ। ਇਹ ਪ੍ਰਕਿਰਿਆ ਐਡਵਾਂਸਡ ਕਾਰਡੀਓਲੋਜੀ ਸੈਂਟਰ ਦੇ ਪ੍ਰੋਫੈਸਰ ਡਾ. ਸੌਰਭ ਮਹਿਰੋਤਰਾ ਵੱਲੋਂ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ। ਡਾਕਟਰਾਂ ਅਨੁਸਾਰ ਮਰੀਜ਼ ਲੰਬੇ ਸਮੇਂ ਤੋਂ ਹਾਈਪਰਟੈਨਸ਼ਨ ਤੋਂ ਪੀੜਤ ਸੀ ਅਤੇ ਬਲੱਡ ਪ੍ਰੈਸ਼ਰ ਦੀਆਂ ਕਈ ਕਿਸਮਾਂ ਦੀਆਂ ਦਵਾਈਆਂ ਲੈ ਰਿਹਾ ਸੀ, ਫਿਰ ਵੀ ਉਸ ਦਾ ਬੀਪੀ ਲਗਾਤਾਰ ਵਧਿਆ ਹੋਇਆ ਸੀ।

ਦੋ ਹਫ਼ਤਿਆਂ ਤਕ ਦਵਾਈਆਂ ਨਾਲ ਕੀਤਾ ਗਿਆ ਯਤਨ

ਮਰੀਜ਼ ਨੂੰ ਪਹਿਲਾਂ ਕਰੀਬ ਦੋ ਹਫ਼ਤਿਆਂ ਤਕ ਹਸਪਤਾਲ ‘ਚ ਰੱਖ ਕੇ ਮਾਹਿਰਾਂ ਦੀ ਨਿਗਰਾਨੀ ਹੇਠ ਦਵਾਈਆਂ ਰਾਹੀਂ ਵਧੀਆ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੇ ਬਾਵਜੂਦ ਕੋਈ ਤਸੱਲੀਬਖ਼ਸ਼ ਸੁਧਾਰ ਨਹੀਂ ਹੋਇਆ। ਮਰੀਜ਼ ਦੀ ਘੱਟ ਉਮਰ ਅਤੇ ਭਵਿੱਖ ‘ਚ ਹਾਰਟ ਅਟੈਕ ਤੇ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਡਾਕਟਰਾਂ ਨੇ ‘ਰੀਨਲ ਡਿਨਰਵੇਸ਼ਨ’ ਪ੍ਰਕਿਰਿਆ ਕਰਨ ਦਾ ਫੈਸਲਾ ਲਿਆ।

ਕੀ ਹੈ ਰੀਨਲ ਡਿਨਰਵੇਸ਼ਨ (RDN)?

ਰੀਨਲ ਡਿਨਰਵੇਸ਼ਨ ਇਕ ਘੱਟ ਚੀਰ-ਫਾੜ ਵਾਲੀ (Minimally Invasive) ਕੈਥੀਟਰ-ਅਧਾਰਿਤ ਪ੍ਰਕਿਰਿਆ ਹੈ। ਇਸ ਵਿੱਚ ਗੁਰਦੇ (Kidney) ਦੀਆਂ ਧਮਨੀਆਂ ਦੇ ਆਲੇ-ਦੁਆਲੇ ਮੌਜੂਦ ਉਨ੍ਹਾਂ ਨਾੜੀਆਂ ਨੂੰ ਨਕਾਰਾ ਕੀਤਾ ਜਾਂਦਾ ਹੈ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਵਧਾਉਣ ‘ਚ ਭੂਮਿਕਾ ਨਿਭਾਉਂਦੀਆਂ ਹਨ। ਇਸ ਪ੍ਰਕਿਰਿਆ ਨੂੰ ‘ਸਿੰਪਲੀਸਿਟੀ ਬਲੱਡ ਪ੍ਰੈਸ਼ਰ ਪ੍ਰੋਸੀਜ਼ਰ’ ਵੀ ਕਿਹਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ ਕੋਈ ਸਥਾਈ ਇੰਪਲਾਟ ਨਹੀਂ ਲਗਾਇਆ ਜਾਂਦਾ ਤੇ ਰੇਡੀਓ ਫ੍ਰੀਕੁਐਂਸੀ ਊਰਜਾ ਦੀ ਮਦਦ ਨਾਲ ਇਲਾਜ ਕੀਤਾ ਜਾਂਦਾ ਹੈ।

ਬਿਨਾਂ ਕਿਸੇ ਉਲਝਣ ਦੇ ਪੂਰੀ ਹੋਈ ਪ੍ਰਕਿਰਿਆ

ਡਾਕਟਰਾਂ ਅਨੁਸਾਰ ਪੂਰੀ ਪ੍ਰਕਿਰਿਆ ਬਿਨਾਂ ਕਿਸੇ ਪੇਚੀਦਗੀ ਦੇ ਸਫ਼ਲਤਾਪੂਰਵਕ ਸੰਪੰਨ ਹੋਈ। ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਬਲੱਡ ਪ੍ਰੈਸ਼ਰ ਪਹਿਲਾਂ ਨਾਲੋਂ ਬਿਹਤਰ ਕਾਬੂ ਵਿੱਚ ਆ ਰਿਹਾ ਹੈ।

ਨੌਜਵਾਨਾਂ ਲਈ ਬਣ ਸਕਦਾ ਹੈ ਬਿਹਤਰ ਵਿਕਲਪ

ਇਸ ਮੌਕੇ ਡਾ. ਸੌਰਭ ਮਹਿਰੋਤਰਾ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਦਵਾਈਆਂ ਨਾਲ ਕਾਬੂ ਨਹੀਂ ਹੁੰਦਾ, ਖ਼ਾਸ ਕਰਕੇ ਘੱਟ ਉਮਰ ਦੇ ਮਰੀਜ਼ਾਂ ‘ਚ, ਉਨ੍ਹਾਂ ਲਈ ਰੀਨਲ ਡਿਨਰਵੇਸ਼ਨ ਇੱਕ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਵਿਕਲਪ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਅਜਿਹੇ ਮਰੀਜ਼ਾਂ ਦਾ ਸਹੀ ਇਲਾਜ ਭਵਿੱਖ ਵਿੱਚ ਹੋਣ ਵਾਲੀਆਂ ਗੰਭੀਰ ਦਿਲ ਅਤੇ ਦਿਮਾਗ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘਟਾ ਸਕਦਾ ਹੈ।

Exit mobile version