ਅਜੀਤ ਪਵਾਰ ਦੇ ਸਸਕਾਰ ਮੌਕੇ 8000 ਸੁਰੱਖਿਆ ਜਵਾਨ ਤਾਇਨਾਤ ਹੋਣ ਦੇ ਬਾਵਜੂਦ ਹੋਈ ਵੱਡੀ ਵਾਰਦਾਤ, 15 ਲੋਕਾਂ ਨੂੰ ਬਣਾਇਆ ਗਿਆ ਨਿਸ਼ਾਨਾ !

ਮਹਾਰਾਸ਼ਟਰ ਦੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ 28 ਜਨਵਰੀ ਨੂੰ ਇੱਕ ਜਹਾਜ਼ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ। ਇਸ ਦੁਖਦਾਈ ਘਟਨਾ ਨੇ ਪੂਰੇ ਮਹਾਰਾਸ਼ਟਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਸੂਬਾ ਸੋਗ ਵਿੱਚ ਡੁੱਬ ਗਿਆ ਸੀ। ਬਾਰਾਮਤੀ ਵਿੱਚ ਅਜੀਤ ਪਵਾਰ ਦਾ ਅੰਤਿਮ ਸੰਸਕਾਰ ਹੋਣਾ ਸੀ ਅਤੇ ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਰਧਾਂਜਲੀ ਦੇਣ ਪਹੁੰਚੇ ਹੋਏ ਸਨ।

ਪਰ ਕੁਝ ਚੋਰਾਂ ਨੇ ਇਸ ਦੁਖਦਾਈ ਘੜੀ ਵਿੱਚ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਉਣ ਦੀ ਠਾਨ ਲਈ ਸੀ। ਇੱਕ ਪਾਸੇ ਅਜੀਤ ਪਵਾਰ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ ਅਤੇ ਦੂਜੇ ਪਾਸੇ ਚੋਰ ਉੱਥੇ ਮੌਜੂਦ ਲੋਕਾਂ ਦੇ ਗਲ਼ਿਆਂ ਵਿੱਚੋਂ ਸੋਨੇ ਦੀਆਂ ਚੇਨਾਂ ਝਪਟਣ ਵਿੱਚ ਲੱਗੇ ਹੋਏ ਸਨ।

15 ਲੋਕਾਂ ਦੇ ਗਲ਼ੇ ਦੀਆਂ ਚੇਨਾਂ ਚੋਰੀ

ਪੁਲਿਸ ਅਨੁਸਾਰ, ਇਸ ਦੌਰਾਨ ਕਰੀਬ 15 ਲੋਕਾਂ ਦੇ ਗਲ਼ੇ ਦੀਆਂ ਚੇਨਾਂ ਚੋਰਾਂ ਨੇ ਖਿੱਚ ਲਈਆਂ। ਇਨ੍ਹਾਂ ਦੀ ਕੁੱਲ ਕੀਮਤ ਲਗਭਗ 25 ਤੋਂ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ ਅਜੀਤ ਪਵਾਰ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ, ਪਰ ਲੈਂਡਿੰਗ ਦੌਰਾਨ ਉਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਉਨ੍ਹਾਂ ਦਾ ਅੰਤਿਮ ਸੰਸਕਾਰ ਬਾਰਾਮਤੀ ਦੇ ਵਿਦਿਆ ਪ੍ਰਤਿਸ਼ਠਾਨ ਮੈਦਾਨ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਭੀੜ ਦਾ ਫਾਇਦਾ ਉਠਾ ਕੇ ਸੋਨੇ ਦੀਆਂ ਚੇਨਾਂ ‘ਤੇ ਹੱਥ ਸਾਫ਼ ਕਰਨ ਵਾਲੇ ਚੋਰਾਂ ਨੂੰ ਕੁਝ ਲੋਕਾਂ ਨੇ ਰੰਗੇ ਹੱਥੀਂ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਕਰੀਬ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 20 ਲੱਖ ਰੁਪਏ ਦਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ।

ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ

ਗੌਰ ਕਰਨ ਵਾਲੀ ਗੱਲ ਇਹ ਹੈ ਕਿ ਬਾਰਾਮਤੀ ਵਿੱਚ ਅਜੀਤ ਪਵਾਰ ਦੇ ਅੰਤਿਮ ਸੰਸਕਾਰ ਪ੍ਰੋਗਰਾਮ ਵਿੱਚ ਸੁਰੱਖਿਆ ਵਿਵਸਥਾ ਲਈ ਲਗਭਗ 8 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਸਨ। ਇੰਨੀ ਭਾਰੀ ਸੁਰੱਖਿਆ ਦੇ ਬਾਵਜੂਦ ਇੰਨੇ ਵੱਡੇ ਪੱਧਰ ‘ਤੇ ਹੋਈ ਚੋਰੀ ਨੇ ਪੁਲਿਸ ਦੇ ਇੰਤਜ਼ਾਮਾਂ ‘ਤੇ ਹੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਲੋਕਾਂ ਵਿੱਚ ਇਸ ਘਟਨਾ ਨੂੰ ਲੈ ਕੇ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *