‘ਸਾਨੂੰ ਕਈਆਂ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਬਹੁਤ ਖਤਰਨਾਕ ਲੋਕ ਹਨ, ਪਰ ਅਸੀਂ ਡਰੇ ਨਹੀਂ’ : ਕੇਜਰੀਵਾਲ

ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ CM ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਫ ਨੀਅਤ ਨਾਲ ਇਹ ਪ੍ਰਾਜੈਕਟ ਸ਼ੁਰੂ ਕੀਤਾ। ਪੰਜਾਬ ਹੀ ਨਹੀਂ ਕਿਸੇ ਵੀ ਸੂਬੇ ਵਿਚ ਇਸ ਤਰ੍ਹਾਂ ਨਹੀਂ ਹੋਇਆ। ਅਜਿਹਾ ਨਹੀਂ ਹੈ ਕਿ ਸਿਰਫ ਪੰਜਾਬ ਵਿਚ ਹੀ ਨਸ਼ਾ ਵਿਕਦਾ ਹੈ। ਹੋਰਨਾਂ ਸੂਬਿਆਂ ਵਿਚ ਵੀ ਨਸ਼ਾ ਵਿਕਦਾ ਹੈ ਪਰ ਉਥੋਂ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ।

ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ ਨਸ਼ਿਆਂ ਖਿਲਾਫ ਜੰਗ ਸ਼ੁਰੂ ਕਰਨੀ ਸੀ ਤਾਂ ਕਈ ਲੋਕਾਂ ਨੇ ਸਾਨੂੰ ਡਰਾਇਆ ਕਿ ਇਹ ਬਹੁਤ ਹੀ ਖਤਰਨਾਕ ਲੋਕ ਹਨ। ਉਹ ਤੁਹਾਡੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਪਰ ਅਸੀਂ ਡਰੇ ਨਹੀਂ ਕਿਉਂਕਿ ਅਸੀਂ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪਿੰਡਾਂ, ਹਲਕਿਆਂ ਤੇ ਕਈ ਇਲਾਕਿਆਂ ਵਿਚ ਨਸ਼ਿਆਂ ਖਿਲਾਫ ਕਾਰਵਾਈ ਹੋਈ। ਤਸਕਰਾਂ ਨੇ ਘਰ, ਮਹਿਲ ਤੇ ਇਮਾਰਤਾਂ ਬਣਾ ਰੱਖੀਆਂ ਸਨ। ਉਨ੍ਹਾਂ ‘ਤੇ ਬੁਰਡੋਜ਼ਰ ਐਕਸ਼ਨ ਹੋਇਆ।

‘ਆਪ’ ਸੁਪਰੀਮੋ ਕੇਜਰੀਵਾਲ ਨੇ ਕਿਹਾ 1 ਮਾਰਚ 2025 ਨੂੰ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਹੋਈ ਸੀ, ਜੋ ਕਿ ਕਾਫੀ ਸਫਲ ਰਹੀ।ਪਿਛਲੇ ਇਕ ਸਾਲ ਵਿਚ ਨਸ਼ਾ ਤਸਕਰਾਂ ਖਿਲਾਫ 28000 ਕੇਸ ਦਰਜ ਕੀਤੇ ਗਏ ਹਨ। ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। 42000 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਪ੍ਰਾਪਰਟੀ ‘ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *