ਉਨ੍ਹਾਂ ਦੱਸਿਆ ਕਿ ਇਸ ਕਦਮ ਨਾਲ ਪੰਜਾਬ ਦੇਸ਼ ਦੇ ਉਨ੍ਹਾਂ ਮੋਹਰੀ ਸੂਬਿਆਂ ਵਿਚ ਸ਼ੁਮਾਰ ਹੋ ਜਾਵੇਗਾ, ਜਿੱਥੇ ਪੂਰੀ ਤਰ੍ਹਾਂ ਡਿਜੀਟਲ ਮੁਲਾਂਕਣ ਪ੍ਰਣਾਲੀ ਅਪਣਾਈ ਜਾ ਰਹੀ ਹੈ। ਬੈਂਸ ਨੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਅਧਿਆਪਕ ਸਕੈਨ ਕੀਤੀਆਂ ਉੱਤਰ ਪੱਤਰੀਆਂ ਦਾ ਕੰਪਿਊਟਰ ’ਤੇ ਮੁੱਲਾਂਕਣ ਕਰ ਸਕਣਗੇ ਤੇ ਸਾਫ਼ਟਵੇਅਰ ਰਾਹੀਂ ਅੰਕਾਂ ਦੀ ਗਿਣਤੀ ਆਪਣੇ ਆਪ ਹੋਵੇਗੀ ਜਿਸ ਨਾਲ ਨਤੀਜੇ ਤੇਜ਼ ਅਤੇ ਸਹੀ ਤਰੀਕੇ ਨਾਲ ਜਾਰੀ ਹੋਣਗੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਮੁਲਾਂਕਣ ਪ੍ਰਕਿਰਿਆ ’ਚ ਵੱਡਾ ਬਦਲਾਅ ਲਿਆਏਗੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਨ-ਸਕ੍ਰੀਨ ਮਾਰਕਿੰਗ ਪ੍ਰਣਾਲੀ ਲਾਗੂ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਦਮ ਨਾਲ ਪੰਜਾਬ ਦੇਸ਼ ਦੇ ਉਨ੍ਹਾਂ ਮੋਹਰੀ ਸੂਬਿਆਂ ਵਿਚ ਸ਼ੁਮਾਰ ਹੋ ਜਾਵੇਗਾ, ਜਿੱਥੇ ਪੂਰੀ ਤਰ੍ਹਾਂ ਡਿਜੀਟਲ ਮੁਲਾਂਕਣ ਪ੍ਰਣਾਲੀ ਅਪਣਾਈ ਜਾ ਰਹੀ ਹੈ। ਬੈਂਸ ਨੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਅਧਿਆਪਕ ਸਕੈਨ ਕੀਤੀਆਂ ਉੱਤਰ ਪੱਤਰੀਆਂ ਦਾ ਕੰਪਿਊਟਰ ’ਤੇ ਮੁੱਲਾਂਕਣ ਕਰ ਸਕਣਗੇ ਤੇ ਸਾਫ਼ਟਵੇਅਰ ਰਾਹੀਂ ਅੰਕਾਂ ਦੀ ਗਿਣਤੀ ਆਪਣੇ ਆਪ ਹੋਵੇਗੀ ਜਿਸ ਨਾਲ ਨਤੀਜੇ ਤੇਜ਼ ਅਤੇ ਸਹੀ ਤਰੀਕੇ ਨਾਲ ਜਾਰੀ ਹੋਣਗੇ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਪ੍ਰਣਾਲੀ ਨੇ ਤੁਰੰਤ ਅਤੇ ਸਟੀਕ ਮੁਲਾਂਕਣ ਕਰ ਕੇ ਆਪਣੀ ਯੋਗਤਾ ਪਹਿਲਾਂ ਹੀ ਸਾਬਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਤੰਬਰ 2025 ਦੀ ਸਪਲੀਮੈਂਟਰੀ ਪ੍ਰੀਖਿਆ ਦੌਰਾਨ 23,000 ਉੱਤਰ ਪੱਤਰੀਆਂ ਦਾ ਡਿਜੀਟਲ ਮੁਲਾਂਕਣ ਸਫ਼ਲਤਾਪੂਰਵਕ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਫ਼ਲ ਤਜਰਬੇ ਤੋਂ ਉਤਸ਼ਾਹਤ ਹੋ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਸਾਲ ਮੈਟ੍ਰਿਕ ਪ੍ਰੀਖਿਆ ਦੇ ਇਕ ਵਿਸ਼ੇ ਵਿਚ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਲਾਗੂ ਕਰੇਗਾ ਅਤੇ ਆਉਣ ਵਾਲੇ ਸੈਸ਼ਨਾਂ ’ਚ ਇਸ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੀਂ ਡਿਜ਼ਾਈਨ ਕੀਤੀ ਗਈ ਉੱਤਰ ਪੱਤਰੀ ਦੇ ਹਰੇਕ ਪੰਨੇ ’ਚ ਇੱਕ ਵਿਲੱਖਣ ਕਿਊਆਰ ਕੋਡ ਹੈ ਜਿਸ ਨਾਲ ਸੁਰੱਖਿਅਤ ਸਕੈਨਿੰਗ ਤੇ ਨਿਰਵਿਘਨ ਡਿਜੀਟਲ ਪ੍ਰੋਸੈਸਿੰਗ ਸੰਭਵ ਹੋਵੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਆਨ-ਸਕਰੀਨ ਮਾਰਕਿੰਗ ਪ੍ਰਣਾਲੀ ਤਹਿਤ ਉੱਤਰ ਪੱਤਰੀਆਂ ਨੂੰ ਇੱਕ ਸੁਰੱਖਿਅਤ ਮਾਹੌਲ ਵਿਚ ਸਕੈਨ ਕੀਤਾ ਜਾਂਦਾ ਹੈ ਅਤੇ ਇਕ ਕੇਂਦਰੀਕ੍ਰਿਤ ਡੈਸ਼ਬੋਰਡ ‘ਤੇ ਅਪਲੋਡ ਕੀਤਾ ਜਾਂਦਾ ਹੈ, ਜਿੱਥੇ ਪ੍ਰੀਖਿਆਰਥੀ ਜੋੜ, ਢਾਂਚਾਗਤ ਮਾਰਕਿੰਗ ਸਕੀਮਾਂ ਤੇ ਅਸਲ-ਸਮੇਂ ਦੀ ਨਿਗਰਾਨੀ ਨਾਲ ਉਨ੍ਹਾਂ ਦਾ ਆਨਲਾਈਨ ਮੁਲਾਂਕਣ ਕਰਦੇ ਹਨ। ਬੈਂਸ ਨੇ ਕਿਹਾ ਕਿ ਕਿਊਆਰ ਕੋਡ ਵਾਲੀਆਂ ਸ਼ੀਟਾਂ ਤੇ ਡਿਜੀਟਲ ਮੁਲਾਂਕਣ ਨਾਲ ਨਿਰਪੱਖਤਾ, ਤੇਜ਼ੀ ਤੇ ਸਟੀਕਤਾ ਯਕੀਨੀ ਬਣੇਗੀ।
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇਸ ਪਹਿਲ ਪਿੱਛੇ ਵਿਦਿਆਰਥੀਆਂ ਨੂੰ ਤਰਜੀਹ ਦੇਣ ਸਬੰਧੀ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਵਿਦਿਆਰਥੀਆਂ ਨੂੰ ਨਤੀਜੇ ’ਚ ਲੱਗਣ ਵਾਲੇ ਸਮੇਂ ’ਚ ਕਮੀ, ਮਿਆਰੀ ਮਾਰਕਿੰਗ ਤੇ ਮੁਲਾਂਕਣ ’ਚ ਪਾਰਦਰਸ਼ਤਾ ਦਾ ਲਾਭ ਮਿਲੇਗਾ। ਸਾਡੇ ਅਧਿਆਪਕ ਵੀ ਡਿਜੀਟਲ ਇੰਟਰਫੇਸ ਨਾਲ ਕੰਮ ਕਰਨਗੇ, ਜੋ ਇਕਸਾਰਤਾ ਤੇ ਯੋਜਨਾਬੱਧ ਢੰਗ ਨਾਲ ਰਿਕਾਰਡ ਰੱਖਣ ਨੂੰ ਯਕੀਨੀ ਬਣਾਉਂਦਾ ਹੈ।
