ਮੋਹਾਲੀ ਦੇ ਨਜ਼ਦੀਕੀ ਪਿੰਡ ਬੜਮਾਜਰਾ ਵਿਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਇਕ 20 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ ਵਿਚ ਇਕ ਆਟੋ ਵਿਚੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਰੋਹਿਤ ਵਜੋਂ ਹੋਈ ਹੈ, ਜੋ ਕਿ ਪਿੰਡ ਬੜਮਾਜਰਾ ਦਾ ਹੀ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਨੇ ਰੋਹਿਤ ਦੇ ਦੋਸਤਾਂ ‘ਤੇ ਉਸ ਨੂੰ ਜ਼ਬਰਦਸਤੀ ਨਸ਼ਾ ਕਰਵਾਉਣ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੇ ਗੰਭੀਰ ਦੋਸ਼ ਲਗਾਏ ਹਨ।
ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਰੋਹਿਤ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਮਹਿਜ਼ ਦੋ ਦਿਨ ਪਹਿਲਾਂ ਹੀ ਬੱਦੀ (ਹਿਮਾਚਲ ਪ੍ਰਦੇਸ਼) ਸਥਿਤ ਇਕ ਨਸ਼ਾ ਛੁਡਾਊ ਕੇਂਦਰ (ਰੀਹੈਬ) ਤੋਂ ਇਲਾਜ ਕਰਵਾ ਕੇ ਘਰ ਵਾਪਸ ਆਇਆ ਸੀ। ਪਰਿਵਾਰ ਅਨੁਸਾਰ, ਬੀਤੀ ਰਾਤ ਕਰੀਬ 10:30 ਵਜੇ ਰੋਹਿਤ ਦੇ ਚਾਰ ਦੋਸਤ ਉਸ ਨੂੰ ਘਰੋਂ ਆਪਣੇ ਨਾਲ ਲੈ ਕੇ ਗਏ ਸਨ। ਰਾਤ ਭਰ ਉਹ ਘਰ ਵਾਪਸ ਨਹੀਂ ਪਰਤਿਆ।
ਮੰਗਲਵਾਰ ਸਵੇਰੇ ਕਰੀਬ 10 ਵਜੇ ਗੁਆਂਢ ਦੇ ਇਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਰੋਹਿਤ ਘਰ ਦੇ ਕੋਲ ਖੜ੍ਹੇ ਇਕ ਆਟੋ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਹਾਲਤ ਨਾਜ਼ੁਕ ਸੀ। ਉਸ ਨੂੰ ਤੁਰੰਤ ਫੇਜ਼-6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੋਸਤਾਂ ‘ਤੇ ਕਾਰਵਾਈ ਦੀ ਮੰਗ
ਪਰਿਵਾਰ ਦਾ ਦੋਸ਼ ਹੈ ਕਿ ਰੋਹਿਤ ਦੇ ਦੋਸਤਾਂ ਨੇ ਜਾਣਬੁੱਝ ਕੇ ਉਸ ਨੂੰ ਨਸ਼ਾ ਦਿੱਤਾ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਉਨ੍ਹਾਂ ਮੰਗ ਕੀਤੀ ਹੈ ਕਿ ਰੋਹਿਤ ਨੂੰ ਲੈ ਕੇ ਜਾਣ ਵਾਲੇ ਚਾਰਾਂ ਦੋਸਤਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
