ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਆਈਸੀਸੀ ਨੇ ਬੰਗਲਾਦੇਸ਼ ਦੀ ਜਗ੍ਹਾ ਸਕਾਟਲੈਂਡ ਨੂੰ ਟੂਰਨਾਮੈਂਟ ਵਿੱਚ ਸ਼ਾਮਲ ਕਰ ਲਿਆ। ਬੰਗਲਾਦੇਸ਼ ਨਾਲ ਇਕਜੁੱਟਤਾ ਦਿਖਾਉਣ ਲਈ ਪਾਕਿਸਤਾਨ ਸਰਕਾਰ ਨੇ ਭਾਰਤ ਵਿਰੁੱਧ ਮੈਚ ਨਾ ਖੇਡਣ ਦਾ ਐਲਾਨ ਕੀਤਾ ਸੀ।
ਟੀ-20 ਵਰਲਡ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਫਰਵਰੀ ਨੂੰ ਹੋਣ ਵਾਲੇ ਮੈਚ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਇੱਕ ਨਵਾਂ ਮੋੜ ਲੈ ਰਿਹਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਭਾਰਤ ਵਿਰੁੱਧ ਮੈਚ ਦੇ ਬਾਈਕਾਟ ਦੇ ਫੈਸਲੇ ‘ਤੇ ਯੂ-ਟਰਨ ਲੈਣ ਦੇ ਸੰਕੇਤ ਦਿੱਤੇ ਹਨ ਪਰ ਇਸ ਦੇ ਬਦਲੇ ਆਈਸੀਸੀ (ICC) ਦੇ ਸਾਹਮਣੇ ਤਿੰਨ ਵੱਡੀਆਂ ਸ਼ਰਤਾਂ ਰੱਖ ਦਿੱਤੀਆਂ ਹਨ।
ਇਸ ਮਾਮਲੇ ਨੂੰ ਲੈ ਕੇ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਆਈਸੀਸੀ, ਪੀਸੀਬੀ ਅਤੇ ਬੀਸੀਬੀ (ਬੰਗਲਾਦੇਸ਼ ਕ੍ਰਿਕਟ ਬੋਰਡ) ਦੇ ਅਧਿਕਾਰੀਆਂ ਵਿਚਕਾਰ ਅਹਿਮ ਬੈਠਕ ਹੋਈ।
ਪਾਕਿਸਤਾਨ ਵੱਲੋਂ ਰੱਖੀਆਂ ਗਈਆਂ 3 ਮੁੱਖ ਸ਼ਰਤਾਂ
ਪਾਕਿਸਤਾਨ ਨੇ ਬੰਗਲਾਦੇਸ਼ ਦੇ ਸਮਰਥਨ ਵਿੱਚ ਇਹ ਸਟੈਂਡ ਲਿਆ ਹੈ ਅਤੇ ਮੈਚ ਖੇਡਣ ਲਈ ਹੇਠ ਲਿਖੀਆਂ ਮੰਗਾਂ ਰੱਖੀਆਂ ਹਨ।
ਬੰਗਲਾਦੇਸ਼ ਲਈ ਵੱਧ ਮੁਆਵਜ਼ਾ : ਪਾਕਿਸਤਾਨ ਚਾਹੁੰਦਾ ਹੈ ਕਿ ਬੰਗਲਾਦੇਸ਼ ਨੂੰ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਲਈ ਆਈਸੀਸੀ ਵੱਲੋਂ ਵੱਧ ਮੁਆਵਜ਼ਾ ਦਿੱਤਾ ਜਾਵੇ।
ਪਾਰਟੀਸਿਪੇਸ਼ਨ ਫੀਸ : ਵਰਲਡ ਕੱਪ ਤੋਂ ਬਾਹਰ ਹੋਣ ਦੇ ਬਾਵਜੂਦ ਬੰਗਲਾਦੇਸ਼ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਫੀਸ ਦਿੱਤੀ ਜਾਵੇ।
ਭਵਿੱਖ ਦੇ ਆਈਸੀਸੀ ਇਵੈਂਟਸ ਦੀ ਮੇਜ਼ਬਾਨੀ : ਪਾਕਿਸਤਾਨ ਨੇ ਮੰਗ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਆਈਸੀਸੀ ਦੇ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਦੇ ਪੱਕੇ ਅਧਿਕਾਰ ਦਿੱਤੇ ਜਾਣ।
ਕੀ ਹੈ ਪੂਰਾ ਮਾਮਲਾ
ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਆਈਸੀਸੀ ਨੇ ਬੰਗਲਾਦੇਸ਼ ਦੀ ਜਗ੍ਹਾ ਸਕਾਟਲੈਂਡ ਨੂੰ ਟੂਰਨਾਮੈਂਟ ਵਿੱਚ ਸ਼ਾਮਲ ਕਰ ਲਿਆ। ਬੰਗਲਾਦੇਸ਼ ਨਾਲ ਇਕਜੁੱਟਤਾ ਦਿਖਾਉਣ ਲਈ ਪਾਕਿਸਤਾਨ ਸਰਕਾਰ ਨੇ ਭਾਰਤ ਵਿਰੁੱਧ ਮੈਚ ਨਾ ਖੇਡਣ ਦਾ ਐਲਾਨ ਕੀਤਾ ਸੀ। ਜੇਕਰ ਪਾਕਿਸਤਾਨ ਮੈਚ ਨਹੀਂ ਖੇਡਦਾ ਤਾਂ ਆਈਸੀਸੀ ਨੂੰ ਲਗਪਗ 2200 ਕਰੋੜ ਰੁਪਏ ($250 Million) ਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਆਈਸੀਸੀ ਲਗਾਤਾਰ ਪੀਸੀਬੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਕੀ ਹੋਵੇਗਾ ਅਗਲਾ ਕਦਮ
ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਤੋਂ ਬਾਅਦ ਹੀ ਤੈਅ ਹੋਵੇਗਾ ਕਿ 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ-ਪਾਕਿਸਤਾਨ ਦਾ ਮਹਾ-ਮੁਕਾਬਲਾ ਹੋਵੇਗਾ ਜਾਂ ਨਹੀਂ।
