
ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ, (ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ ।੧। ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ; ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ ।੨। ਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ; ਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ; ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ । ਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ । ਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ ।੧੫।
AmritsarAwaaz ਦੀ ਟੀਮ ਨਾਲ ਜੁੜੇ ਰਹੋ
ਧੰਨਵਾਦ