Site icon Amritsar Awaaz

Ludhiana: ਪੁਲਿਸ ਨੂੰ ਚਕਮਾ ਦੇ ਕੇ ਭੱਜਿਆ ਮੁਲਜ਼ਮ, ਬਰਾਮਦਗੀ ਕਰਾਉਣ ਖੰਨਾ ਲੈਕੇ ਆਈ ਸੀ ਪੁਲਿਸ:

ਲੁਧਿਆਣਾ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਖੰਨਾ ਵਿੱਚ ਪੁਲਿਸ ਨੂੰ ਚਕਮਾ ਦੇ ਕੇ ਲੁੱਟਖੋਹ ਦਾ ਇੱਕ ਮੁਲਜ਼ਮ ਫਰਾਰ ਹੋ ਗਿਆ। ਫਰਾਰ ਮੁਲਜ਼ਮ ਦੀ ਪਛਾਣ ਸੰਤੋਸ਼ ਕੁਮਾਰ ਵਜੋਂ ਹੋਈ ਹੈ, ਜੋ ਮਾਜਰੀ ਮੁਹੱਲਾ, ਖਾਲਸਾ ਸਕੂਲ ਰੋਡ, ਖੰਨਾ ਦਾ ਰਹਿਣ ਵਾਲਾ ਹੈ। ਲੁਟੇਰੇ ਦੇ ਭੱਜਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ।
ਜਾਣਕਾਰੀ ਮੁਤਾਬਕ, ਸੰਤੋਸ਼ ਕੁਮਾਰ ਵਿਰੁੱਧ ਥਾਣਾ ਜਮਾਲਪੁਰ, ਲੁਧਿਆਣਾ ਵਿੱਚ ਲੁੱਟਖੋਹ ਦਾ ਮਾਮਲਾ ਦਰਜ ਹੈ। ਇਸ ਮਾਮਲੇ ਦੇ ਸਬੰਧ ਵਿੱਚ ਲੁਧਿਆਣਾ ਪੁਲਿਸ ਦੀ ਇੱਕ ਟੀਮ ਮੁਲਜ਼ਮ ਨੂੰ ਰਿਕਵਰੀ ਲਈ ਖੰਨਾ ਲੈ ਕੇ ਆਈ ਸੀ। ਇਸ ਕਾਰਵਾਈ ਦੀ ਅਗਵਾਈ ਲੁਧਿਆਣਾ ਪੁਲਿਸ ਦੇ ਏਐਸਆਈ ਪਲਵਿੰਦਰ ਪਾਲ ਸਿੰਘ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਰਿਕਵਰੀ ਤੋਂ ਬਾਅਦ ਜਦੋਂ ਪੁਲਿਸ ਟੀਮ ਮੁਲਜ਼ਮ ਨੂੰ ਵਾਪਸ ਲੁਧਿਆਣਾ ਲੈ ਜਾ ਰਹੀ ਸੀ, ਤਾਂ ਰਸਤੇ ਵਿੱਚ ਪੁਲਿਸ ਨੇ ਪਿਸ਼ਾਬ ਕਰਨ ਲਈ ਆਪਣੀ ਗੱਡੀ ਇੱਕ ਪੈਟਰੋਲ ਪੰਪ ‘ਤੇ ਰੋਕੀ। ਦੋ ਪੁਲਿਸ ਕਰਮਚਾਰੀ ਪਿਸ਼ਾਬ ਕਰਨ ਲਈ ਗਏ, ਜਦਕਿ ਇੱਕ ਕਰਮਚਾਰੀ ਡਰਾਈਵਰ ਸੀਟ ‘ਤੇ ਬੈਠਾ ਰਿਹਾ। ਇਸ ਦੌਰਾਨ ਪਿਛਲੀ ਸੀਟ ‘ਤੇ ਬੈਠੇ ਮੁਲਜ਼ਮ ਨੇ ਮੌਕਾ ਵੇਖ ਕੇ ਖਿੜਕੀ ਖੋਲ੍ਹੀ ਅਤੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।


ਘਟਨਾ ਦੀ ਤੁਰੰਤ ਸੂਚਨਾ ਖੰਨਾ ਪੁਲਿਸ ਨੂੰ ਦਿੱਤੀ ਗਈ। ਲੁਧਿਆਣਾ ਪੁਲਿਸ ਦੇ ਏਐਸਆਈ ਪਲਵਿੰਦਰ ਪਾਲ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਸਿਟੀ 2, ਖੰਨਾ ਵਿੱਚ ਮੁਲਜ਼ਮ ਸੰਤੋਸ਼ ਕੁਮਾਰ ਵਿਰੁੱਧ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵੇਲੇ ਲੁਧਿਆਣਾ ਪੁਲਿਸ ਅਤੇ ਖੰਨਾ ਪੁਲਿਸ ਦੀਆਂ ਸਾਂਝੀਆਂ ਟੀਮਾਂ ਮੁਲਜ਼ਮ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Exit mobile version