ਸਾਬਕਾ CM ਚਰਨਜੀਤ ਚੰਨੀ ਦੀ ਕੋਠੀ ਸਾਹਮਣੇ ਚੱਲੀਆਂ ਗੋਲੀਆਂ, ਆਪਸ ‘ਚ ਭਿੜੀਆਂ 2 ਧਿਰਾਂ:

ਰੂਪਨਗਰ ਦੇ ਮੋਰਿੰਡਾ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਦੇ ਸਾਹਮਣੇ ਗੋਲੀਬਾਰੀ ਹੋ ਗਈ। ਕੁਝ ਹੀ ਦੂਰੀ ‘ਤੇ ਹਲਕਾ ਵਿਧਾਇਕ ਦਾ ਦਫਤਰ ਵੀ ਹੈ। ਜਾਣਕਾਰੀ ਮੁਤਾਬਕ ਕਾਰ ਦੀ ਖਰੀਦ-ਵੇਚ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ, ਜਿਸ ਦੌਰਾਨ ਤੂੰ-ਤੂੰ ਮੈ-ਮੈਂ ਹੋ ਗਈ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।
ਇਹ ਘਟਨਾ ਸੋਮਵਾਰ ਦੁਪਹਿਰ 3 ਵਜੇ ਦੇ ਕਰੀਬ ਵਾਪਰੀ। ਗੋਲੀ ਬੰਦੇ ਦੀ ਕਮਰ ਦੇ ਨੇੜੇ ਤੋਂ ਲੰਘ ਗਈ। ਪੁਲਿਸ ਨੇ ਦੋਸ਼ੀ ਸਿਕੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਇਸ ਘਟਨਾ ਦਾ ਸਾਬਕਾ CM ਚੰਨੀ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ
ਪੀੜਤ ਕਾਲੀ ਨੇ ਪੁਲਿਸ ਨੂੰ ਦੱਸਿਆ ਕਿ ਕਾਰ ਦਾ ਸੌਦਾ ਲਗਭਗ ₹3.5 ਲੱਖ ਦਾ ਸੀ। ਪੈਸੇ ਮਿਲਣ ਦੇ ਬਾਵਜੂਦ ਦੋਸ਼ੀ ਨੇ ਕਾਰ ਪੀੜਤ ਦੇ ਨਾਮ ‘ਤੇ ਟ੍ਰਾਂਸਫਰ ਨਹੀਂ ਕੀਤੀ ਅਤੇ ਬਾਅਦ ਵਿੱਚ ਇਸ ਨੂੰ ਕਿਸੇ ਹੋਰ ਬੰਦੇ ਨੂੰ ਵੇਚ ਦਿੱਤਾ। ਇਸ ਮੁੱਦੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।
ਘਟਨਾ ਵਾਲੇ ਦਿਨ ਦੋਸ਼ੀ ਨੇ ਪੀੜਤ ਨੂੰ ਚੰਨੀ ਦੇ ਘਰ ਨੇੜੇ ਮਿਲਣ ਲਈ ਬੁਲਾਇਆ ਸੀ। ਗੱਲਬਾਤ ਦੌਰਾਨ ਬਹਿਸ ਵਧ ਗਈ, ਅਤੇ ਦੋਸ਼ੀ ਨੇ ਰਿਵਾਲਵਰ ਕੱਢਿਆ ਅਤੇ ਗੋਲੀ ਚਲਾ ਦਿੱਤੀ। ਗੋਲੀ ਪੀੜਤ ਦੇ ਨੇੜੇ ਤੋਂ ਲੰਘ ਗਈ, ਜਿਸ ਨਾਲ ਉਹ ਬਚ ਗਿਆ। ਰਾਹਗੀਰਾਂ ਨੇ ਦਖਲ ਦੇ ਕੇ ਸਥਿਤੀ ਨੂੰ ਸ਼ਾਂਤ ਕੀਤਾ।
ਸੂਚਨਾ ਮਿਲਣ ‘ਤੇ, ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ਵਿੱਚ ਵਰਤੇ ਗਏ ਹਥਿਆਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸਪੀ (ਡੀ) ਰੂਪਨਗਰ ਗੁਰਦੀਪ ਸਿੰਘ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਨੇੜੇ ਸਿਟੀ ਮੋਰਿੰਡਾ ਥਾਣਾ ਖੇਤਰ ਵਿੱਚ ਵਾਪਰੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਝਗੜਾ ਕਾਰ ਦੇ ਲੈਣ-ਦੇਣ ਤੋਂ ਹੋਇਆ ਸੀ।
ਪੁਲਿਸ ਮੁਤਾਬਕ ਦੋਵੇਂ ਧਿਰਾਂ ਸੜਕ ‘ਤੇ ਇੱਕ ਦੂਜੇ ਨਾਲ ਭਿੜ ਗਈਆਂ, ਜਿੱਥੇ ਝਗੜੇ ਦੌਰਾਨ ਇੱਕ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਮੌਕੇ ‘ਤੇ ਮੌਜੂਦ ਦੂਜੀ ਧਿਰ ਨੇ ਤੁਰੰਤ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਦੋਸ਼ੀ ਦੇ ਬਿਆਨ ਦਰਜ ਕਰ ਲਏ ਹਨ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *