Site icon Amritsar Awaaz

ਸ਼ੀਤਲ ਅੰਗੁਰਾਲ: ਦੇ ਕਤਲ ਕੀਤੇ ਭਤੀਜੇ ਦਾ ਹੋਇਆ ਅੰਤਿਮ ਸੰਸਕਾਰ, ਮਾਂ ਦਾ ਰੋ-ਰੋ ਬੁਰਾ ਹਾਲ

ਜਲੰਧਰ ਵਿੱਚ ਅੱਜ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ ਦਾ ਅੰਤਿਮ ਸੰਸਕਾਰ ਦੁਪਹਿਰ 12 ਵਜੇ ਤੋਂ ਬਾਅਦ ਹੋਇਆ। ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਦੇ ਭਤੀਜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲਾਸ਼ ਹਸਪਤਾਲ ਤੋਂ ਘਰ ਪਹੁੰਚਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਵਿਕਾਸ ਦੀ ਮਾਂ ਨੇ ਰੌਂਦਿਆਂ ਕਿਹਾ ਕਿ ਦੋਸ਼ੀਆਂ ਨੂੰ ਮੌਤ ਮਿਲਣੀ ਚਾਹੀਦ ਹੈ। ਉਸ ਨੇ ਪੁੱਤਰ ਦੇ ਸਿਰ ‘ਤੇ ਸਿਹਰਾ ਬੰਨ੍ਹਿਆ ਇਸ ਤੋਂ ਬਾਅਦ ਮੱਥਾ ਚੁੰਮ ਕੇ ਉਸ ਨੂੰ ਅੰਤਿਮ ਵਿਦਾਈ ਦਿੱਤੀ। ਦੂਜੇ ਪਾਸੇ ਡੀ.ਐੱਸ.ਪੀ. ਪਰਮਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਫਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ।

ਮ੍ਰਿਤਕ ਨੌਜਵਾਨ ਵਿਕਾਸ 17 ਸਾਲਾਂ ਦਾ ਸੀ। ਵਿਕਾਸ ਦੀ ਛਾਤੀ ਵਿੱਚ ਤਿੰਨ ਵਾਰ ਚਾਕੂ ਮਾਰੇ ਗਏ। ਫਿਰ ਉਹ ਜਖਮੀ ਹਾਲਤ ਵਿਚ ਦੌੜਦੇ ਹੋਏ ਗਲੀ ਵਿੱਚ ਭੱਜਿਆ ਅਤੇ ਇੱਕ ਔਰਤ ਤੋਂ ਪਾਣੀ ਮੰਗਿਆ। ਜਦੋਂ ਤੱਕ ਉਹ ਪਾਣੀ ਲੈ ਕੇ ਵਾਪਸ ਆਈ ਤਾਂ ਵਿਕਾਸ ਗਲੀ ਵਿੱਚ ਬੇਹੋਸ਼ ਹੋ ਕੇ ਡਿੱਗ ਪਿਆ। ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਸ਼ੁੱਕਰਵਾਰ ਰਾਤ ਲਗਭਗ 11.30 ਵਜੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗਲੀ ਦੇ ਕੁਝ ਮੁੰਡਿਆਂ ਨਾਲ ਵਿਕਾਸ ਦਾ ਵਿਵਾਦ ਚੱਲ ਰਿਹਾ ਸੀ ਉਸੇ ਦੇ ਚੱਲਦਿਆਂ ਉਨ੍ਹਾਂ ਮੁੰਡਿਆਂ ਵੱਲੋਂ ਵਿਕਾਸ ਨੂੰ ਘੇਰ ਕੇ ਉਸ ‘ਤੇ ਹਮਲਾ ਕੀਤਾ ਜਾਂਦਾ ਹੈ, ਉਸ ਦੀ ਮਾਰਕੁੱਟ ਕਰਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕੀਤਾ ਗਿਆ। ਹਮਲੇ ਦੌਰਾਨ ਵਿਕਾਸ ਦੇ ਗੰਭੀਰ ਸੱਟਾਂ ਲੱਗੀਆਂ। ਹਮਲਾ ਕਰਨ ਦੇ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਭਾਜਪਾ ਨੇਤਾ ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ 10 ਵਜੇ ਦੇ ਕਰੀਬ ਇੱਕ ਫੋਨ ਆਇਆ ਕਿ ਵਿਕਾਸ ‘ਤੇ ਹਮਲਾ ਹੋਇਆ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਵਿਕਾਸ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਤੁਰੰਤ ਕਪੂਰਥਲਾ ਚੌਕ ਸਥਿਤ ਜੋਸ਼ੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।

Exit mobile version