ਪੁਲਿਸ ਦੀ ਆਰੰਭਿਕ ਜਾਂਚ ਮੁਤਾਬਕ ਮ੍ਰਿਤਕ ਦੀ ਪਛਾਣ ਦਵਿੰਦਰ ਕੁਮਾਰ ਵਜੋਂ ਹੋਈ ਹੈ, ਜੋ ਬੰਬੇ ਕੰਪਿਊਟਰ ਮਸ਼ੀਨ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਵਿੰਦਰ ਕੁਮਾਰ 6 ਜਨਵਰੀ ਨੂੰ ਘਰ ਵਾਪਸ ਆਇਆ ਸੀ ਅਤੇ ਆਪਣੇ ਕੱਪੜਿਆਂ ਵਾਲਾ ਬੈਗ ਘਰ ਰੱਖ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾਣ ਦੀ ਗੱਲ ਕਹਿ ਕੇ ਨਿਕਲਿਆ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਬੀਤੇ ਦੋ ਦਿਨਾਂ ਤੋਂ ਉਸ ਦੇ ਲਾਪਤਾ ਹੋਣ ਕਾਰਨ ਪਰਿਵਾਰ ਕਾਫੀ ਪਰੇਸ਼ਾਨ ਸੀ।
ਲੁਧਿਆਣਾ: ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੇ ਭੱਟੀਆਂ ਇਲਾਕੇ ਵਿੱਚ ਇੱਕ ਖਾਲੀ ਪਲਾਟ ਵਿੱਚ ਕਤਲ ਕਰਕੇ ਵੱਖ-ਵੱਖ ਟੋਟਿਆਂ ਵਿੱਚ ਸੁੱਟੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਅਤੇ ਸਨਸਨੀ ਫੈਲ ਗਈ। ਸਵੇਰ ਸਮੇਂ ਇਲਾਕਾ ਨਿਵਾਸੀਆਂ ਨੇ ਖਾਲੀ ਪਲਾਟ ਵਿੱਚ ਸ਼ੱਕੀ ਹਾਲਤ ਵਿੱਚ ਪਏ ਮਨੁੱਖੀ ਅੰਗ ਦੇਖੇ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਲਾਸ਼ ਦੇ ਵੱਖ-ਵੱਖ ਟੋਟਿਆਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੇ ਭਰਾ ਹੇਮਰਾਜ ਪੁੱਤਰ ਕਮਲ ਸਿੰਘ ਵਾਸੀ ਭੋਰਾ ਵੱਲੋਂ ਇਸ ਸਬੰਧੀ ਥਾਣਾ ਸਲੇਮ ਟਾਬਰੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ, ਜਿਸ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ ਗੁਮਸ਼ੁਦਗੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਪਰ ਅੱਜ ਸਵੇਰੇ ਦਵਿੰਦਰ ਕੁਮਾਰ ਦੀ ਕਤਲ ਕਰਕੇ ਸੁੱਟੀ ਲਾਸ਼ ਮਿਲਣ ਨਾਲ ਮਾਮਲੇ ਨੇ ਭਿਆਨਕ ਮੋੜ ਲੈ ਲਿਆ।
ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਤਲ ਦੇ ਕਾਰਨਾਂ ਤੇ ਦੋਸ਼ੀਆਂ ਦੀ ਪਛਾਣ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

