Site icon Amritsar Awaaz

Ferozepur News : ਫਿਰੋਜ਼ਪੁਰ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਸੁਲਝਾਉਣ ਦਾ ਦਾਅਵਾ; ਬੰਦ ਦੀ ਦਿੱਤੀ ਕਾਲ ਤੋਂ ਬਾਅਦ 21 ਚੋਰ ਗ੍ਰਿਫ਼ਤਾਰ !

ਬੀਤੇ ਕਈ ਦਿਨਾਂ ਤੋਂ ਪੁਲਿਸ ਲਈ ਸਿਰ ਪੀੜ ਬਣੇ ਹੋਏ ਵੱਖ-ਵੱਖ ਚੋਰ ਗਿਰੋਹਾਂ ਦੇ ਖਿਲਾਫ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਬੀਤੇ ਦਿਨਾਂ ਵਿਚ ਦਰਜ 7 ਮਾਮਲਿਆਂ ਵਿਚ ਚੋਰ ਗਿਰੋਹਾਂ ਦੇ 21 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਫਿਰੋਜ਼ਪੁਰ ਵਿਚ ਪਿਛਲੇ ਦਿਨੀਂ ਵੱਖ-ਵੱਖ 6 ਦੁਕਾਨਾਂ ਵਿੱਚ ਹੋਈਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਕੁੱਲ 7 ਮੁਕੱਦਮੇ ਦਰਜ ਕਰਕੇ ਵੱਖ-ਵੱਖ ਗਿਰੋਹਾਂ ਨਾਲ ਸਬੰਧਤ 21 ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਵੱਲੋਂ ਜਾਰੀ ਪ੍ਰੈਸ ਨੋਟ ਵਿਚ ਦੱਸਿਆ ਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ, ਜਿਸ ਵਿਚ 9 ਮੋਟਰਸਾਈਕਲ ਅਤੇ 02 ਐਕਟਿਵਾ, 33 ਮੋਬਾਈਲ ਫ਼ੋਨ, 04 ਐੱਲ.ਈ.ਡੀ., 02 ਇਨਵਰਟਰ ਸੈੱਟ, 01 ਵਾਸ਼ਿੰਗ ਮਸ਼ੀਨ ਅਤੇ 02 ਸਿਲੰਡਰ, ਸੋਨੇ-ਚਾਂਦੀ ਦੇ ਗਹਿਣੇ ਅਤੇ 1.5 ਲੱਖ ਰੁਪਏ ਦੀ ਨਕਦੀ, ਕਰਿਆਨੇ ਦਾ ਸਾਮਾਨ ਅਤੇ 60 ਹੋਰ ਗੁੰਮ ਹੋਏ ਮੋਬਾਈਲ ਫ਼ੋਨ ਵੀ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ। ਥਾਣਾ ਫਿਰੋਜ਼ਪੁਰ ਕੈਂਟ ਪੁਲਿਸ ਨੇ ਵਿਕਾਸ ਉਰਫ਼ ਅਕਾਸ਼, ਮੋਹਨ ਅਤੇ ਅਮਨਦੀਪ ਸਿੰਘ ਉਰਫ਼ ਸਾਜਨ ਵਰਗੇ ਮੁਲਜ਼ਮਾਂ ਨੂੰ 16 ਮੋਟਰਸਾਈਕਲ, ਸਿਲੰਡਰ ਅਤੇ ਮੋਬਾਈਲ ਫ਼ੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਇੱਥੇ ਦਰਜ ਤਿੰਨ ਵੱਖ-ਵੱਖ ਮੁਕੱਦਮਿਆਂ ਵਿਚ ਅਮਨ ਉਰਫ਼ ਚੂਹਾ, ਜੇਮਸ, ਮੌਸਮ ਗਿੱਲ ਅਤੇ ਸੌਰਭ ਸਮੇਤ ਕਈ ਹੋਰਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ ਮੋਟਰਸਾਈਕਲ, ਐੱਲਈਡੀ ਅਤੇ ਨਕਦੀ ਬਰਾਮਦ ਹੋਈ ਹੈ।

ਫਿਰੋਜ਼ਪੁਰ ਬੰਦ ਦੀ ਦਿੱਤੀ ਕਾਲ ਤੋਂ ਬਾਅਦ ਪੱਬਾਂ ਭਾਰ ਹੋਈ ਸੀ ਪੁਲਿਸ

ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਲਗਾਤਾਰ ਹੋਈਆਂ ਚੋਰੀਆਂ ਤੋਂ ਅੱਕੇ ਕੁੱਝ ਬੁੱਧੀਜੀਵੀ ਲੋਕਾਂ,ਵਪਾਰੀਆਂ ਅਤੇ ਵਿਰੋਧੀ ਧਿਰਾਂ ਦੇ ਨੁੰਮਾਇੰਦਿਆਂ ਵੱਲੋਂ ਮੀਟਿੰਗਾਂ ਦਾ ਦੌਰ ਚਲਾ ਕੇ 7 ਫਰਵਰੀ ਨੂੰ ਫਿਰੋਜ਼ਪੁਰ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ।ਇਸ ’ਤੇ ਪੁਲਿਸ ਵੱਲੋਂ ਦੋ ਪਾਸੇ ਕਾਰਵਾਈ ਕੀਤੀ ਜਾ ਰਹੀ ਸੀ। ਇਕ ਪਾਸੇ ਪੁਲਿਸ ਦੇ ਉਚ ਅਧਿਕਾਰੀਆਂ ਸ਼ਹਿਰਵਾਸੀਆਂ ਨਾਲ ਰਾਬਤਾ ਕਰਕੇ ਉਨ੍ਹਾਂ ਨੂੰ ਭਰੋਸਾ ਦੁਆ ਰਹੇ ਸਨ,ਦੂਜੇ ਪਾਸੇ ਪੁਲਿਸ ਦੇ ਐਸਪੀ ,ਡੀਐਸਪੀ ਅਤੇ ਕਈ ਥਾਣਿਆਂ ਦੇ ਥਾਣੇਦਾਰ ਚੋਰਾਂ ਦਾ ਖੁਰਾ ਨੱਪਣ ਲਈ ਯਤਨ ਕਰ ਰਹੇ ਸਨ।

Exit mobile version