ਬਠਿੰਡਾ ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਥਾਣਾ ਸੰਗਤ ਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਅਚਾਨਕ ਗੋਲੀਆਂ ਚੱਲਣ ਨਾਲ ਪਿੰਡ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ।
ਬਠਿੰਡਾ ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਥਾਣਾ ਸੰਗਤ ਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਅਚਾਨਕ ਗੋਲੀਆਂ ਚੱਲਣ ਨਾਲ ਪਿੰਡ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਥਾਣਾ ਸੰਗਤ ਦੇ ਮੁਖੀ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਗੁਰੂਸਰ ਸੈਣੇਵਾਲਾ ਦੇ ਰੇਲਵੇ ਸਟੇਸ਼ਨ ਨੇੜੇ ਬਣੀ ਢਾਣੀ ਵਿਖੇ ਗੋਲ਼ੀਬਾਰੀ ਦੀ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪੁੱਜੇ, ਜਿੱਥੇ ਢਾਣੀ ਦੇ ਮਾਲਕ ਨਿਰਮਲ ਸਿੰਘ ਟੀਟੂ ਪੁੱਤਰ ਮੇਜਰ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਨ੍ਹਾਂ ਦੇ ਘਰ ਸ਼ੱਕੀ ਹਾਲਤ ’ਚ ਦੋ ਕਾਰਾਂ ’ਤੇ ਸਵਾਰ ਹਥਿਆਰਬੰਦ ਇੱਕ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਵੜ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਹੈ, ਜੋ ਨਿਹੰਗਾਂ ਦੇ ਬਾਣੇ ’ਚ ਆਏ ਸਨ। ਉਨ੍ਹਾਂ ਦੱਸਿਆ ਕਿ ਆਤਮ ਰੱਖਿਆ ਲਈ ਉਨ੍ਹਾਂ ਵੱਲੋਂ ਜਵਾਬੀ ਕਾਰਵਾਈ ਤਹਿਤ ਚਲਾਈ ਗੋਲੀ ਤੋਂ ਬਾਅਦ ਉਹ ਘਟਨਾ ਸਥਾਨ ਤੋਂ ਦੌੜ ਗਏ।
ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਇਸੇ ਮਾਮਲੇ ਤਹਿਤ ਮੁਕਤਸਰ ਵਾਸੀ ਚਰਨਜੀਤ ਕੌਰ ਵੱਲੋਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਨਿਰਮਲ ਸਿੰਘ ਟੀਟੂ ਪੁੱਤਰ ਮੇਜਰ ਸਿੰਘ ਵੱਲੋਂ ਉਸ ਦੇ ਭਰਾ ਦੀ ਥਾਰ ਗੱਡੀ ਜ਼ਬਰੀ ਆਪਣੇ ਘਰ ਰੱਖੀ ਹੋਈ ਹੈ, ਜਿਸ ਨੂੰ ਲੈਣ ਲਈ ਉਹ ਨਹਿੰਗ ਜਥੇਬੰਦੀ ਤਰਨਾ ਦਲ ਦੇ ਕੁੱਝ ਮੈਂਬਰਾਂ ਨੂੰ ਨਾਲ ਲੈ ਕੇ ਗੱਲਬਾਤ ਲਈ ਉਨ੍ਹਾਂ ਦੇ ਘਰ ਗਏ ਸਨ ਤਾਂ ਉਨ੍ਹਾਂ ਗੋਲੀ ਚਲਾ ਦਿੱਤੀ, ਜੋ ਉਨ੍ਹਾਂ ਦੀ ਕਾਰ ਦੇ ਲੱਗੀ ਹੈ ਅਤੇ ਉਨ੍ਹਾਂ ਦਾ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਥਾਣਾ ਸੰਗਤ ਦੀ ਪੁਲਿਸ ਵੱਲੋਂ ਨਿਰਮਲ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਚਰਨਜੀਤ ਕੌਰ, ਉਸ ਦੀ ਮਾਤਾ ਮਨਜੀਤ ਕੌਰ ਵਾਸੀਆਨ ਕਿਰਤ ਨਗਰ ਸ੍ਰੀ ਮੁਕਤਸਰ ਸਾਹਿਬ ਸਮੇਤ ਅੱਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦੋਂਕਿ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਨਿਰਮਲ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

