ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਸਿੱਧੂ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕਰਕੇ ਰਾਜਨੀਤੀ ਵਿੱਚ ਵਾਪਸੀ ਦੇ ਸਪੱਸ਼ਟ ਸੰਕੇਤ ਦਿੱਤੇ ਹਨ। ਇਹ ਵੀਡੀਓ ਉਨ੍ਹਾਂ ਨੇ ਅੰਮ੍ਰਿਤਸਰ ਦੇ ਹੋਲੀ ਸਿਟੀ ਸਥਿਤ ਆਪਣੇ ਨਿਵਾਸ ‘ਤੇ ਤਿਆਰ ਕੀਤੀ ਹੈ।
ਵੀਡੀਓ ਵਿੱਚ ਉਨ੍ਹਾਂ ਨੇ ਸ਼ਾਇਰੀ ਰਾਹੀਂ ਵਿਰੋਧੀਆਂ ਨੂੰ ਚਿਤਾਵਨੀ ਦਿੱਤੀ ਕਿ ਹਾਲਾਤ ਬਦਲਦਿਆਂ ਹੀ ਉਨ੍ਹਾਂ ਲਈ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਸਿੱਧੂ ਨੇ ਕਿਹਾ,“ਅੱਗ ਲਗਾਉਣ ਵਾਲਿਆਂ ਨੂੰ ਕੀ ਖ਼ਬਰ, ਰੁਖ ਹਵਾਵਾਂ ਨੇ ਬਦਲਿਆ ਤਾਂ ਸਵਾਹ ਉਹ ਵੀ ਹੋਣਗੇ… ਹੁਣ ਗੱਲ ਰੁਤਬੇ ਦੀ ਹੈ, ਚਾਲ ਵੀ ਵੱਡੀ ਅਤੇ ਖੇਡ ਵੀ ਖ਼ਤਮ।”
ਉਨ੍ਹਾਂ ਦੀ ਇਹ ਟਿੱਪਣੀ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਨੂੰ ਆਉਣ ਵਾਲੀਆਂ ਚੋਣਾਂ ਲਈ ਉਨ੍ਹਾਂ ਦੀ ਸਰਗਰਮੀ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
2022 ਦੀ ਹਾਰ ਤੋਂ ਬਾਅਦ ਰਾਜਨੀਤੀ ਤੋਂ ਬਣਾਈ ਦੂਰੀ
2022 ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਸਿੱਧੂ ਪੰਜਾਬ ਦੀ ਰਾਜਨੀਤੀ ਤੋਂ ਲਗਪਗ ਦੂਰ ਰਹੇ। ਉਹ ਕ੍ਰਿਕਟ ਕਮੈਂਟਰੀ ਅਤੇ ਟੀਵੀ ਸ਼ੋਅਜ਼ ਰਾਹੀਂ ਜਨਤਕ ਜੀਵਨ ਵਿੱਚ ਬਣੇ ਹੋਏ ਹਨ। ਹਾਲਾਂਕਿ, ਸਮੇਂ-ਸਮੇਂ ‘ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਕੇ ਉਹ ਕਾਂਗਰਸੀ ਆਗੂਆਂ ਨੂੰ ਹੈਰਾਨ ਕਰਦੇ ਰਹੇ ਹਨ।
ਓਥੇ ਹੀ, ਬੀਤੇ ਦਿਨੀਂ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਦੇ ‘500 ਕਰੋੜ ਦੇ ਸੀਐੱਮ’ ਵਾਲੇ ਬਿਆਨਾਂ ‘ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਨੂੰ ਮਿਲਣ ਦਾ ਸਮਾਂ ਮੰਗਿਆ ਸੀ, ਪਰ ਉਸ ਵਿੱਚ ਸਫਲਤਾ ਨਹੀਂ ਮਿਲੀ।
ਸੀਐਮ ਚਿਹਰਾ ਨਾ ਬਣਾਏ ਜਾਣ ਤੋਂ ਸ਼ੁਰੂ ਹੋਇਆ ਸੀ ਵਿਵਾਦ
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਨਾ ਚਾਹੁੰਦੇ ਸਨ, ਪਰ ਪਾਰਟੀ ਨੇ ਤਤਕਾਲੀ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਪਹਿਲ ਦਿੱਤੀ। ਸਿੱਧੂ ਇਸ ਫੈਸਲੇ ਤੋਂ ਨਾਖ਼ੁਸ਼ ਸਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਵੀ ਉਨ੍ਹਾਂ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ। ਅੰਮ੍ਰਿਤਸਰ ਪੂਰਬੀ ਸੀਟ ਤੋਂ ਚੋਣ ਲੜਨ ‘ਤੇ ਵੀ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਉਹ ਸਰਗਰਮ ਰਾਜਨੀਤੀ ਤੋਂ ਦੂਰ ਚਲੇ ਗਏ, ਹਾਲਾਂਕਿ ਉਨ੍ਹਾਂ ਨੇ ਕਾਂਗਰਸ ਨਹੀਂ ਛੱਡੀ।
