ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਦੀ ਚਰਚਾ ਸਿਖਰਾਂ ’ਤੇ ਹੋਵੇ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਦੀ ਗੱਲ ਚੱਲੀ ਸੀ ਪਰ ਸੀਟਾਂ ਦੇ ਮਾਮਲੇ ’ਤੇ ਗੱਲ ਸਿਰੇ ਨਹੀਂ ਚੜ੍ਹ ਸਕੀ। ਇਸ ਦਾ ਨੁਕਸਾਨ ਦੋਵਾਂ ਪਾਰਟੀਆਂ ਨੂੰ ਝੱਲਣਾ ਪਿਆ।
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਦੇ ਸੁਰ ਹੁਣ ਇਕ-ਦੂਜੇ ਪ੍ਰਤੀ ਨਰਮ ਪੈਣ ਲੱਗੇ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲੜਨ ਦਾ ਦਾਅਵਾ ਕਰਨ ਵਾਲੀ ਭਾਜਪਾ ਵੀ ਹੁਣ ਅਕਾਲੀ ਦਲ ਨਾਲ ਗੱਠਜੋੜ ਦੇ ਸੰਕੇਤ ਦੇਣ ਲੱਗੀ ਹੈ। ਪਹਿਲਾਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਨਸ਼ਾ ਵਿਰੋਧੀ ਯਾਤਰਾ ਦੌਰਾਨ ਫਿਰੋਜ਼ਪੁਰ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਮੌਜੂਦਗੀ ਵਿਚ ਇਕੱਠੇ ਦਿਖਾਈ ਦਿੱਤੇ। ਹੁਣ ਅਸ਼ਵਨੀ ਸ਼ਰਮਾ ਦਾ ਇਹ ਕਹਿਣਾ ਕਿ ਅਕਾਲੀ-ਭਾਜਪਾ ਦਾ ਸਿਆਸੀ ਨਹੀਂ ਸਗੋਂ ਸਮਾਜਿਕ ਸਮਝੌਤਾ ਸੀ, ਇਸ ਗੱਲ ਦਾ ਸੰਕੇਤ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜ ਸਾਲਾਂ ਤੋਂ ਅਲੱਗ-ਅਲੱਗ ਸਿਆਸਤ ਕਰਨ ਵਾਲੀਆਂ ਦੋਵੇਂ ਪਾਰਟੀਆਂ ਮੁੜ ਗੱਠਜੋੜ ਕਰ ਸਕਦੀਆਂ ਹਨ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਦੀ ਚਰਚਾ ਸਿਖਰਾਂ ’ਤੇ ਹੋਵੇ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਦੀ ਗੱਲ ਚੱਲੀ ਸੀ ਪਰ ਸੀਟਾਂ ਦੇ ਮਾਮਲੇ ’ਤੇ ਗੱਲ ਸਿਰੇ ਨਹੀਂ ਚੜ੍ਹ ਸਕੀ। ਇਸ ਦਾ ਨੁਕਸਾਨ ਦੋਵਾਂ ਪਾਰਟੀਆਂ ਨੂੰ ਝੱਲਣਾ ਪਿਆ। ਭਾਜਪਾ ਜਿੱਥੇ ਪੰਜਾਬ ਵਿਚ ਵੋਟ ਫ਼ੀਸਦੀ ਵਧਾਉਣ ਦੇ ਬਾਵਜੂਦ ਆਪਣਾ ਖਾਤਾ ਨਹੀਂ ਖੋਲ੍ਹ ਸਕੀ, ਉੱਥੇ ਅਕਾਲੀ ਦਲ ਵੀ ਸਿਰਫ਼ ਇਕ ਸੀਟ ’ਤੇ ਸਿਮਟ ਕੇ ਰਹਿ ਗਿਆ। ਅਕਾਲੀ ਦਲ ਨਾਲ ਗੱਠਜੋੜ ਬਾਰੇ ਭਾਜਪਾ ਵਿਚ ਵੀ ਦੋ ਮਤ ਸਨ। ਕਾਂਗਰਸ ਛੱਡ ਕੇ ਭਾਜਪਾ ਵਿਚ ਗਏ ਆਗੂ ਮੁੜ ਗੱਠਜੋੜ ’ਤੇ ਹਮੇਸ਼ਾ ਜ਼ੋਰ ਦਿੰਦੇ ਰਹੇ ਜਦਕਿ ਭਾਜਪਾ ਦੇ ਸੀਨੀਅਰ ਆਗੂ ਇਸ ਦੇ ਹੱਕ ਵਿਚ ਨਹੀਂ ਸਨ। ਇਹ ਪਹਿਲਾ ਮੌਕਾ ਹੈ ਜਦੋਂ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਕਾਲੀ ਦਲ ਨਾਲ ਸਮਾਜਿਕ ਰਿਸ਼ਤਾ ਸੀ।
ਪਿਛਲੇ ਦਿਨੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ 2027 ’ਚ ਸਰਕਾਰ ਬਣਾਉਣ ਲਈ ਅਕਾਲੀ-ਭਾਜਪਾ ਦਾ ਗੱਠਜੋੜ ਜ਼ਰੂਰੀ ਹੈ। ਜੇਕਰ ਇਹ ਗੱਠਜੋੜ ਨਹੀਂ ਹੁੰਦਾ ਤਾਂ ਭਾਜਪਾ 2027 ਤਾਂ ਕੀ, 2032 ਨੂੰ ਵੀ ਭੁੱਲ ਜਾਵੇ। ਹਾਲਾਂਕਿ ਕੈਪਟਨ ਦੇ ਇਸ ਬਿਆਨ ਨੂੰ ਭਾਜਪਾ ਨੇ ਤਲਖੀ ਭਰਿਆ ਮੰਨਿਆ ਸੀ ਜਦਕਿ ਅਕਾਲੀ ਦਲ ਵੀ ਲਗਾਤਾਰ ਭਾਜਪਾ ਪ੍ਰਤੀ ਚੌਕਸੀ ਵਰਤ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਦੋਂ ਬਜਟ ਪੇਸ਼ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਪਰਿਪੇਖ ਵਿਚ ਇਸ ਨੂੰ ਸਿਰੇ ਤੋਂ ਖ਼ਾਰਜ ਨਹੀਂ ਕੀਤਾ ਸਗੋਂ ਇਹ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਕੇਂਦਰ ਸਾਹਮਣੇ ਆਪਣਾ ਪੱਖ ਰੱਖਣ ਵਿਚ ਨਾਕਾਮ ਰਹੀ। ਉੱਧਰ, ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਭ ਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕੀਤਾ ਸੀ। ਇਸ ਤੋਂ ਬਾਅਦ ਹੀ ਇਹ ਸੰਕੇਤ ਮਿਲਣ ਲੱਗੇ ਸਨ ਕਿ 2027 ਲਈ ਦੋਵੇਂ ਪਾਰਟੀਆਂ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਇਕੱਠੀਆਂ ਹੋ ਸਕਦੀਆਂ ਹਨ।
