
ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਸੁਸ਼ੀਲ ਦੇਵਗਨ ਅਤੇ ਹਲਕਾ ਇੰਚਾਰਜ ਸ੍ਰੀਮਤੀ ਬਲਵਿੰਦਰ ਕੌਰ ਦੀ ਅਗਵਾਈ ਹੇਠ ਚੱਬਾ ਮੰਡਲ ਦੇ ਗੁਰਵਾਲੀ ਵਿਖੇ ਕਰਵਾਏ ਗਏ ਚੋਣ ਜਲਸੇ ਦੌਰਾਨ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸੰਬੋਧਨ ਕੀਤਾ। ਉਨਾਂ ਕਿਹਾ ਕਿ ਕੇਂਦਰੀ ਸਕੀਮਾਂ ਜੋ ਤੁਹਾਡੇ ਤੱਕ ਨਹੀਂ ਪਹੁੰਚੀਆਂ, ਉਹ ਸਕੀਮਾਂ ਅਤੇ ਪੈਸੇ ਸਿੱਧੇ ਤੁਹਾਡੇ ਖਾਤੇ ਵਿੱਚ ਆ ਜਾਣਗੇ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਅਤੇ ਕਾਲਜ ਦੀ ਚੰਗੀ ਸਿੱਖਿਆ ਦੇਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫੇ ਦੀ ਲੋੜ ਪਈ ਤਾਂ ਉਹ ਇਸ ਦਾ ਪ੍ਰਬੰਧ ਕਰਨਗੇ।
ਚੋਣ ਰੈਲੀ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਰਾਜਬੀਰ ਸ਼ਰਮਾ ਅਤੇ ਸੰਤੋਖ ਗੁਮਟਾਲਾ ਵੀ ਹਾਜ਼ਰ ਸਨ। ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ ਨਸ਼ੇ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਸੀਂ ਤਕਨੀਕੀ, ਕਾਨੂੰਨੀ ਅਤੇ ਖੁਫੀਆ ਪ੍ਰੋਗਰਾਮਾਂ ਰਾਹੀਂ ਨਸ਼ਿਆਂ ਦੇ ਪ੍ਰਭਾਵਾਂ ਨੂੰ ਖਤਮ ਕਰਨ ‘ਤੇ ਧਿਆਨ ਦੇਵਾਂਗੇ। ਉਨ੍ਹਾਂ ਕਿਹਾ ਕਿ ਬਿੱਗ ਡਾਟਾ ਐਨਾਲਿਟਿਕਸ, ਡਰੋਨ ਅਤੇ ਸੈਟੇਲਾਈਟ ਤਸਵੀਰਾਂ ਰਾਹੀਂ ਨਸ਼ਿਆਂ ਦਾ ਪਤਾ ਲਗਾਇਆ ਜਾਵੇਗਾ ਅਤੇ ਤਸਕਰੀ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਵਪਾਰੀ ਸਾਡੀ ਪੀੜ੍ਹੀ ਨੂੰ ਬਰਬਾਦ ਕਰਨ ‘ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਵੀ ਹਾਨੀਕਾਰਕ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਨਸ਼ੇ ਨੂੰ ਰੋਕਣ ਲਈ ਉਹ ਅਮਰੀਕਾ ਤੋਂ ਪ੍ਰਭਾਵਸ਼ਾਲੀ ਦਵਾਈਆਂ ਮੰਗਵਾ ਕੇ ਨਸ਼ੇ ਦੀ ਲਤ ਤੋਂ ਪੀੜਤ ਲੋਕਾਂ ਨੂੰ ਮੁਫ਼ਤ ਵੰਡਣਗੇ। ਇਸ ਮੌਕੇ ਉਨ੍ਹਾਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ ਵੱਲੋਂ ਐੱਸਸੀ ਭਾਈਚਾਰੇ ਵਿਰੁੱਧ ਕੀਤੀ ਗਈ ਟਿੱਪਣੀ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਚੁਣੇ ਹੋਏ ਸੰਸਦ ਮੈਂਬਰ ਨੂੰ ਕਿਸੇ ਵੀ ਭਾਈਚਾਰੇ ਵਿਰੁੱਧ ਅਜਿਹੀ ਗਲਤ ਟਿੱਪਣੀ ਨਹੀਂ ਕਰਨੀ ਚਾਹੀਦੀ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਬਾਰਾ ਮੋਦੀ ਸਰਕਾਰ ਬਣਦੇ ਹੀ 100 ਦਿਨਾਂ ਦੇ ਅੰਦਰ ਸਾਰੇ ਕੱਚੇ ਘਰਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਲੋਕਾਂ ਨੂੰ ਅੰਮ੍ਰਿਤਸਰ ਦੇ ਵਿਕਾਸ ਵੱਲ ਧਿਆਨ ਦੇਣ ਅਤੇ ਅੰਮ੍ਰਿਤਸਰ ਦੀ ਤਰੱਕੀ ਨੂੰ ਅੱਗੇ ਵਧਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਸੰਸਦੀ ਹਲਕੇ ਦੀ ਵਕਾਲਤ ਲਈ ਸਭ ਤੋਂ ਵਧੀਆ ਉਮੀਦਵਾਰ ਸਾਬਤ ਹੋਣਗੇ। ਉਨ੍ਹਾਂ ਕਿਹਾ, “ਤੁਸੀਂ ਮੌਜੂਦਾ ਸੰਸਦ ਨੂੰ ਦੇਖਿਆ ਹੈ, ਜਿਸ ਨੇ ਆਪਣੀ ਕਾਂਗਰਸ ਸਰਕਾਰ ਸਮੋਂ ਅੰਮ੍ਰਿਤਸਰ ਲਈ ਕੁਝ ਨਹੀਂ ਕੀਤਾ। ਤੁੰਗ ਢਾਬ ਡਰੇਨ, ਭਗਤਾਂਵਾਲਾ ਡੰਪ ਅਤੇ ਹੋਰ ਮੁੱਦੇ ਲਟਕ ਰਹੇ ਹਨ।” ਉਨ੍ਹਾਂ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਨੇ ਅੰਮ੍ਰਿਤਸਰ ਨੂੰ ਵਿਸ਼ਵ ਪੱਧਰੀ ਮਿਸਾਲ ਵਾਲਾ ਸ਼ਹਿਰ ਬਣਾਉਣ ਦੇ ਨਾਂ ‘ਤੇ ਧੋਖਾ ਕੀਤਾ ਹੈ, ਇਸ ਦਾ ਮੰਤਰੀਆਂ ਅਤੇ ਉਮੀਦਵਾਰਾਂ ਕੋਲ ਕੋਈ ਜਵਾਬ ਨਹੀਂ ਹੈ।ਦਿਹਾਤੀ ਪ੍ਰਧਾਨ ਸੁਸ਼ੀਲ ਦੇਵਗਨ ਨੇ ਕਿਹਾ ਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੰਮ੍ਰਿਤਸਰ ਦਾ ਹੋਣਹਾਰ ਪੁੱਤਰ ਹੈ, ਜੋ ਉੱਚ ਸਿੱਖਿਆ ਪ੍ਰਾਪਤ ਹੈ, ਜਿਸ ਨੇ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਕੀਤਾ ਹੈ ਅਤੇ ਜਿਸ ਕੋਲ ਅੰਮ੍ਰਿਤਸਰ ਨੂੰ ਹਰ ਪੱਖ ਤੋਂ ਵਿਸ਼ਵ ਪੱਧਰੀ ਬਣਾਉਣ ਦੀ ਠੋਸ ਦੂਰਅੰਦੇਸ਼ੀ ਅਤੇ ਮੁਕੰਮਲ ਰੋਡਮੈਪ ਹੈ। ਆਓ ਸਾਰੇ ਉਸ ਦਾ ਸਾਥ ਦੇਈਏ। ਜੇਕਰ ਅੰਮ੍ਰਿਤਸਰ ਦਾ ਆਰਥਿਕ ਵਿਕਾਸ ਕਰਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਕਮਲ ਦੇ ਫੁੱਲ ‘ਤੇ ਵੋਟ ਪਾ ਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਚਾਹੀਦਾ ਹੈ। ਇਸ ਮੌਕੇ ਰਾਜਬੀਰ ਸ਼ਰਮਾ, ਮੰਡਲ ਪ੍ਰਧਾਨ ਹਰਪ੍ਰੀਤ ਸਿੰਘ, ਧਰਮਵੀਰ ਸਿੰਘ ਧਾਮੂ ਅਤੇ ਜਸਵੰਤ ਸਿੰਘ ਨੇ ਵੀ ਸੰਬੋਧਨ ਕੀਤਾ।
ਧੰਨਵਾਦ