ਚੰਡੀਗੜ੍ਹ ਹਵਾਈ ਅੱਡੇ ਦੀ ਸੁਰੱਖਿਆ ਦਾ ਮੁੱਦਾ ਲੋਕ ਸਭਾ ‘ਚ ਗੂੰਜਿਆ, ਮਨੀਸ਼ ਤਿਵਾੜੀ ਨੇ ਰੱਖੀਆਂ ਅਹਿਮ ਮੰਗਾਂ !

ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਲੋਕ ਸਭਾ ਵਿੱਚ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਨਾਂ ਦੀ ਸੁਰੱਖਿਅਤ ਲੈਂਡਿੰਗ ਅਤੇ ਆਧੁਨਿਕ ਨੇਵੀਗੇਸ਼ਨ ਪ੍ਰਣਾਲੀ ਲਾਗੂ ਕਰਨ ਦਾ ਮਸਲਾ ਪ੍ਰਮੁੱਖਤਾ ਨਾਲ ਚੁੱਕਿਆ । ਬਾਰਾਮਤੀ ਹਵਾਈ ਅੱਡੇ ’ਤੇ ਹੋਏ ਹਾਲੀਆ ਹਵਾਈ ਹਾਦਸੇ ਤੋਂ ਬਾਅਦ ਉੱਭਰੀਆਂ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਹਵਾਈ ਅੱਡਿਆਂ ’ਤੇ ਵਰਤੀ ਜਾ ਰਹੀ ਪੁਰਾਣੀ ਤਕਨਾਲੋਜੀ ਨੂੰ ਹਟਾ ਕੇ ਸੈਟੇਲਾਈਟ ਆਧਾਰਿਤ ਆਧੁਨਿਕ ਨੇਵੀਗੇਸ਼ਨ ਪ੍ਰਣਾਲੀ ਨੂੰ ਤਰਜੀਹ ਦੇਣ ਦੀ ਮੰਗ ਕੀਤੀ।

ਲੋਕ ਸਭਾ ਵਿੱਚ ਪੁੱਛੇ ਗਏ ਸਵਾਲਾਂ ਦੇ ਲਿਖਤੀ ਜਵਾਬ ਵਿੱਚ ਨਾਗਰਿਕ ਹਵਾਬਾਜ਼ੀ ਦੇ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਦੱਸਿਆ ਕਿ ਭਾਰਤੀ ਹਵਾਬਾਜ਼ੀ ਅਥਾਰਟੀ ਵੱਲੋਂ ਪੁਰਾਣੇ ਹੋ ਚੁੱਕੇ ਨਾਨ-ਡਾਇਰੈਕਸ਼ਨਲ ਬੀਕਨ (ਐੱਨਡੀਬੀ ) ਨੂੰ ਚਰਨਬੱਧ ਢੰਗ ਨਾਲ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪ ਵਰਗੇ ਦੇਸ਼ਾਂ ਨੇ ਵੀ ਇਨ੍ਹਾਂ ਪ੍ਰਣਾਲੀਆਂ ਨੂੰ ਹਟਾ ਕੇ ਸੈਟੇਲਾਈਟ ਆਧਾਰਿਤ ਨੇਵੀਗੇਸ਼ਨ ਪ੍ਰਣਾਲੀ ਅਪਣਾਈ ਹੈ।

ਏਅਰ ਫੋਰਸ ਦੇ ਕੰਟਰੋਲ ਹੇਠ ਹੈ ਚੰਡੀਗੜ੍ਹ ਹਵਾਈ ਅੱਡਾ

ਕੇਂਦਰੀ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਭਾਰਤੀ ਏਅਰ ਫੋਰਸ ਦੇ ਅਧੀਨ ਹੈ, ਜਿੱਥੇ ਨਾਗਰਿਕ ਉਡਾਣਾਂ ਦੇ ਸੰਚਾਲਨ ਲਈ ਇੱਕ ਵੱਖਰਾ ਸਿਵਲ ਐਨਕਲੇਵ ਬਣਾਇਆ ਗਿਆ ਹੈ। ਮੌਜੂਦਾ ਸਮੇਂ ਵਿੱਚ ਏਅਰ ਫੋਰਸ ਵੱਲੋਂ ਰਨਵੇ ਨੰਬਰ 29 ’ਤੇ ਰਾਤ ਦੇ ਸਮੇਂ ਉਡਾਣਾਂ ਦੀ ਲੈਂਡਿੰਗ ਲਈ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈਐਲਐਸ ) ਕੈਟ–II ਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ। ਉੱਥੇ ਹੀ ਭਾਰਤੀ ਐਵੀਏਸ਼ਨ ਅਥਾਰਟੀ ਵੱਲੋਂ ਰਨਵੇ ਨੰਬਰ 11 ’ਤੇ ਆਈਐਲਐਸ ਕੈਟ–I ਅਤੇ ਸੰਬੰਧਿਤ ਐਪ੍ਰੋਚ ਲਾਈਟ ਪ੍ਰਣਾਲੀ ਲਾਗੂ ਕੀਤੀ ਗਈ ਹੈ।

ਮੰਤਰਾਲੇ ਨੇ ਇਹ ਵੀ ਸਪਸ਼ਟ ਕੀਤਾ ਕਿ ਕਿਉਂਕਿ ਇਹ ਏਅਰ ਫੋਰਸ ਦਾ ਹਵਾਈ ਅੱਡਾ ਹੈ, ਇਸ ਲਈ ਹਵਾਈ ਆਵਾਜਾਈ ਸੇਵਾਵਾਂ ਅਤੇ ਨੇਵੀਗੇਸ਼ਨ ਪ੍ਰਕਿਰਿਆਵਾਂ ਲਾਗੂ ਕਰਨ ਦਾ ਅਧਿਕਾਰ ਖੇਤਰ ਏਅਰ ਫੋਰਸ ਕੋਲ ਹੈ।

ਆਧੁਨਿਕ ਤਕਨਾਲੋਜੀ ਅਪਣਾਉਣ ’ਤੇ ਜ਼ੋਰ

ਸਰਕਾਰ ਨੇ ਆਪਣੇ ਜਵਾਬ ਵਿੱਚ ਇਹ ਵੀ ਮੰਨਿਆ ਕਿ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਮਿਆਰਾਂ ਅਨੁਸਾਰ ਪਰਫਾਰਮੈਂਸ-ਬੇਸਡ ਨੇਵੀਗੇਸ਼ਨ ਪ੍ਰਣਾਲੀਆਂ ਨੂੰ ਵੱਧ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ ਦੱਸਿਆ ਗਿਆ ਕਿ ਸਿੰਧੁਦੁਰਗ ਹਵਾਈ ਅੱਡੇ ’ਤੇ ਪਹਿਲਾਂ ਹੀ ਸੈਟੇਲਾਈਟ ਆਧਾਰਿਤ ਨੇਵੀਗੇਸ਼ਨ ਪ੍ਰਕਿਰਿਆਵਾਂ ਲਾਗੂ ਹਨ, ਜਿਸ ਨਾਲ ਜ਼ਮੀਨੀ ਉਪਕਰਣਾਂ ’ਤੇ ਨਿਰਭਰਤਾ ਘੱਟ ਹੋਈ ਹੈ।

ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਚੰਡੀਗੜ੍ਹ ਸਮੇਤ ਦੇਸ਼ ਦੇ ਹੋਰ ਖੇਤਰੀ ਹਵਾਈ ਅੱਡਿਆਂ ’ਤੇ ਸੁਰੱਖਿਆ ਮਿਆਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਧੁਨਿਕ ਤਕਨਾਲੋਜੀਆਂ ਨੂੰ ਤੁਰੰਤ ਅਪਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਖਰਾਬ ਮੌਸਮ, ਤਕਨਾਲੋਜੀ ਖਾਮੀਆਂ ਜਾਂ ਨੇਵੀਗੇਸ਼ਨ ਸੀਮਾਵਾਂ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਉਡਾਣਾਂ ਦੇ ਡਾਇਵਰਜ਼ਨ ਤੋਂ ਬਚਿਆ ਜਾ ਸਕੇ।

Leave a Reply

Your email address will not be published. Required fields are marked *