ਚੀਫ਼ ਖ਼ਾਲਸਾ ਦੀਵਾਨ ਵੱਲੋਂ ਸਿੱਖੀ ਦੇ ਧੁਰੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬਾਨ ਦੀਆਂ 450 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਗੁਰਮਤਿ ਕਾਲਜ ਖੋਲਿਆ ਜਾਵੇਗਾ
ਅੰਮ੍ਰਿਤਸਰ—16—09—2024 ਚੀਫ਼ ਖ਼ਾਲਸਾ ਦੀਵਾਨ ਵੱਲੋਂ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅੱਜ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਅਤੇ ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਦੀ 450 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ। ਇਸ ਗੁਰਮਤਿ ਸਮਾਗਮ ਦਾ ਆਰੰਭ ਸੰਗਤੀ ਰੂਪ ਵਿਚ ਕੀਤੇ ਗਏ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਗਿਆ। ਉਪਰੰਤ ਭਾਈ ਰਜਿੰਦਰ ਸਿੰਘ ਜਾਪ, ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ.ਰੋਡ (ਬੀਬੀ ਪ੍ਰਭਜੋਤ ਕੌਰ) ਦੇ ਕੀਰਤਨੀ ਜੱਥਿਆਂ ਵੱਲੋਂ ਅੰਮ੍ਰਿਤਮਈ ਕੀਰਤਨ ਦੀ ਛਹਿਬਰ ਲਗਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੋਕੇ ਕਾਰਜਕਾਰੀ ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਨੇ ਗੁਰੂ ਸਾਹਿਬ ਸਨਮੁੱਖ ਨਤਮਸਤਕ ਹੁੰਦਿਆਂ ਕਿਹਾ ਕਿ ਸਿੱਖ ਧਰਮ ਦਿਹਾੜਿਆਂ ਨੂੰ ਮਨਾਉਣ ਦਾ ਅਸਲ ਮਨੋਰਥ ਗੁਰ ਸੰਗਤ ਵਿਚ ਜੁੜ ਬੈਠਣਾ, ਆਪਣੇ ਸ਼ਾਨਾਮੱਤੇ ਸਿੱਖ ਵਿਰਸੇ ਤੋ ਬੱਚਿਆਂ ਨੂੰ ਜਾਣੂ ਕਰਵਾਉਣਾ ਅਤੇ ਗੁਰੂ ਸਾਹਿਬਾਨ ਦੇ ਰਾਹ ਦਸੇਰਿਆਂ ਤੇ ਚਲਦਿਆਂ ਆਪਣੀ ਅਜੋਕੀ ਪੀੜ੍ਹੀ ਨੂੰ ਸਿੱਖੀ ਦੀ ਮਿਆਰੀ ਹੋਦ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਨੇ ਕਿਹਾ ਕਿ ਦੀਵਾਨ ਵੱਲੋਂ ਸੈਂਟਰਲ ਖ਼ਾਲਸਾ ਯਤੀਮਖਾਨੇ ਵਿਚ ਗੁਰਮਤਿ ਕਾਲਜ ਬਹੁਤ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਜਿਸ ਤੋ ਗੁਰਮਤਿ ਅਤੇ ਕੀਰਤਨ ਦੀ ਸਿੱਖਿਆ ਲੈ ਕੇ ਸਿਖਿਆਰਥੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਦੀਆਂ ਸੇਵਾਂਵਾਂ ਨਿਭਾ ਰਹੇ ਹਨ ਅਤੇ ਹੋਰ ਵਿਦਿਆਰਥੀ ਦੇਸ਼—ਵਿਦੇਸ਼ ਵਿਚ ਕੀਰਤਨ ਰਾਹੀਂ ਨਾਮਣਾ ਖਟ ਰਹੇ ਹਨ ਅਤੇ ਕਾਲਜ ਦਾ ਨਾਮ ਉੱਚਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਦੇ ਆਦੇਸ਼ਾਂ ਅਨੁਸਾਰ ਦੀਵਾਨ ਵੱਲੋਂ ਸਿੱਖੀ ਦੇ ਧੁਰੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬਾਨ ਦੀਆਂ 450 ਸਾਲਾ ਸ਼ਤਾਬਦੀਆਂ ਨੂੰ ਸਮਰਪਿਤ ਇਕ ਹੋਰ ਨਵਾਂ ਗੁਰਮਤਿ ਕਾਲਜ ਖੋਲਿਆ ਜਾਵੇਗਾ।
ਇਸ ਮੋਕੇ ਵਿਸ਼ੇਸ਼ ਤੌਰ ਤੇ ਪੁੱਜੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸਿੱਖ ਧਰਮ ਵਿਚ ਗ੍ਰਹਿਸਥ ਜੀਵਨ ਜੀਉਦਿਆਂ ਸਮਾਜਿਕ—ਪਰਿਵਾਰਕ ਜਿੰਮੇਵਾਰੀਆਂ ਨਿਭਾਉਣ ਦੇ ਨਾਲ—ਨਾਲ ਅਧਿਆਤਮਕਤਾ ਨਾਲ ਜੁੜਨ ਦੀ ਜੀਵਨ ਜੁਗਤ ਤੇ ਚਾਨਣਾ ਪਾਇਆ ਅਤੇ ਉਹਨਾਂ ਗੁਰੂ ਸਾਹਿਬਾਨ ਵੱਲੋਂ ਬਾਲ ਵਿਆਹ, ਘੁੰਡ ਪ੍ਰਥਾ, ਸਤੀ ਪ੍ਰਥਾ, ਵਿਧਵਾ ਪੁਨਰ ਵਿਆਹ ਅਜਿਹੀਆਂ ਕੁਰੀਤੀਆਂ ਨੂੰ ਖਤਮ ਕਰਨ ਦੀਆਂ ਕੀਤੀਆਂ ਗਈਆਂ ਪਹਿਲ ਕਦਮੀਆਂ ਬਾਰੇ ਦੱਸਿਆ। ਉਹਨਾਂ ਅਜੋਕੇ ਸਮੇਂ ਵਿਚ ਬਿਰਧ ਆਸ਼ਰਮਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਬੱਚਿਆਂ ਨੂੰ ਅਧਿਆਪਕਾਂ ਅਤੇ ਮਾਪਿਆਂ ਦਾ ਆਦਰ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ।
ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ੍ਰ.ਹਰਮਨਜੀਤ ਸਿੰਘ ਅਤੇ ਸ੍ਰ.ਤਰਲੋਚਨ ਸਿੰਘ ਵਲੋਂ ਗੁਰੂ ਅਮਰਦਾਸ ਜੀ ਨਾਲ ਸੰਬੰਧਤ ਅਤੇ ਧਰਮ ਪ੍ਰਚਾਰ ਕਮੇਟੀ ਦੀ ਕੋਆਰਡੀਨੇਟਰ ਡਾ.ਜਸਵਿੰਦਰ ਕੌਰ ਮਾਹਲ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਸੱਚੇ—ਸੁੱਚੇ ਜੀਵਨ ਅਤੇ ਅੰਮ੍ਰਿਤਮਈ ਬਾਣੀ ਦੀ ਸਾਰਥਿਕਤਾ ਤੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।
ਅੰਤ ਕਾਰਜਕਾਰੀ ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਕਾਰਜਕਾਰੀ ਆਨਰੇਰੀ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਸਥਾਨਕ ਪ੍ਰਧਾਨ ਸ੍ਰ.ਕੁਲਜੀਤ ਸਿੰਘ ਸਾਹਨੀ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਸ੍ਰ.ਤਰਲੋਚਨ ਸਿੰਘ, ਸ੍ਰ.ਹਰਮਨਜੀਤ ਸਿੰਘ, ਸ੍ਰ.ਗੁਰਬਖਸ਼ ਸਿੰਘ ਬੇਦੀ, ਸ੍ਰ.ਗੁਰਪ੍ਰੀਤ ਸਿੰਘ ਸੇਠੀ, ਸ੍ਰ.ਰਬਿੰਦਰਬੀਰ ਸਿੰਘ ਭੱਲਾ, ਸ੍ਰ.ਮਨਮੋਹਨ ਸਿੰਘ, ਸ੍ਰ.ਗੁਰਭੇਜ ਸਿੰਘ, ਸ੍ਰ.ਇੰਦਰਜੀਤ ਸਿੰਘ ਅੜੀ, ਸ੍ਰ.ਪ੍ਰਦੀਪ ਸਿੰਘ ਵਾਲੀਆ, ਸ੍ਰ.ਅਮਰਦੀਪ ਸਿੰਘ ਰਾਜੇਵਾਲ, ਸ੍ਰ.ਮੋਹਨਜੀਤ ਸਿੰਘ ਭੱਲਾ, ਸ੍ਰ.ਲਖਵਿੰਦਰ ਸਿੰਘ ਢਿੱਲੋਂ, ਡਾ.ਆਤਮਜੀਤ ਸਿੰਘ ਬਸਰਾ, ਸ੍ਰ.ਅਜੀਤ ਸਿੰਘ ਖਹਿਰਾ, ਡਾ.ਜਸਵਿੰਦਰ ਕੌਰ ਮਾਹਲ, ਡਾਇਰੈਕਟਰ ਡਾ.ਏ.ਪੀ.ਐਸ ਚਾਵਲਾ, ਪ੍ਰਿੰਸੀਪਲਜ਼ ਸਾਹਿਬਾਨ, ਅਧਿਆਪਕ ਸਾਹਿਬਾਨ ਆਦਿ ਹਾਜ਼ਰ ਸਨ।