ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਦੇ ਪੁੱਤਰ ਅਗਨੀਵੇਸ਼ ਅਗਰਵਾਲ ਦਾ ਅਮਰੀਕਾ ਵਿਚ ਦੇਹਾਂਤ ਹੋ ਗਿਆ ਹੈ। ਉਹ 49 ਸਾਲ ਦੇ ਸਨ। ਅਗਨੀਵੇਸ਼ ਵੇਦਾਂਤਾ ਸਮੂਹ ਦੀ ਕੰਪਨੀ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਡਾਇਰੈਕਟਰ ਬੋਰਡ ਵਿਚ ਸ਼ਾਮਲ ਸਨ। ਉਹ ਆਪਣੀ ਮੌਤ ਦੇ ਸਮੇਂ ਇਕ ਬੀਮਾਰੀ ਤੋਂ ਉਭਰ ਰਹੇ ਸਨ। ਅਗਨੀਵੇਸ਼ ਅਗਰਵਾਲ ਦੇ ਪਿਤਾ ਅਨਿਲ ਅਗਰਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਕਾਲਾ ਦਿਨ ਹੈ। ਮੇਰਾ ਪਿਆਰਾ ਪੁੱਤ ਅਗਨੀਵੇਸ਼ ਸਾਨੂੰ ਬਹੁਤ ਜਲਦੀ ਛੱਡ ਕੇ ਚਲਾ ਗਿਆ ਹੈ।
ਅਨਿਲ ਅਗਰਵਾਲ ਨੇ ਕਿਹਾ ਕਿ ਅਗਨੀਵੇਸ਼ ਸਿਰਫ 49 ਸਾਲ ਦੇ ਸਨ। ਬਿਲਕੁਲ ਸਿਹਤਮੰਦ, ਜੀਵਨ ਨਾਲ ਭਰਪੂਰ ਤੇ ਸੁਪਨਿਆਂ ਨਾਲ ਭਰਿਆ ਹੋਇਆ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸਕੀਇੰਗ ਦੌਰਾਨ ਹੋਏ ਇਕ ਹਾਦਸੇ ਦੇ ਬਾਅਦ ਉਹ ਨਿਊਯਾਰਕ ਦੇ ਮਾਊਂਟ ਸੀਨਾਈ ਹਸਪਤਾਲ ਵਿਚ ਇਲਾਜ ਕਰਾ ਰਿਹਾ ਸੀ ਤੇ ਚੰਗੀ ਤਰ੍ਹਾਂ ਤੋਂ ਠੀਕ ਹੋ ਰਿਹਾ ਸੀ। ਸਾਨੂੰ ਲੱਗਾ ਸੀ ਕਿ ਸਭ ਤੋਂ ਬੁਰਾ ਸਮਾਂ ਬੀਤ ਚੁੱਕਾ ਹੈ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਅਚਾਨਕ ਆਏ ਦਿਲ ਦੇ ਦੌਰੇ ਨੇ ਸਾਡੇ ਪੁੱਤ ਨੂੰ ਸਾਡੇ ਤੋਂ ਖੋਹ ਲਿਆ।
ਉਨ੍ਹਾਂ ਕਿਹਾ ਕਿ ਕੋਈ ਵੀ ਸ਼ਬਦ ਇਸ ਦਰਦ ਨੂੰ ਬਿਆਂ ਨਹੀਂ ਕਰ ਸਕਦਾ, ਜੋ ਇਕ ਮਾਤਾ-ਪਿਤਾ ਉਦੋਂ ਮਹਿਸੂਸ ਕਰਦੇ ਹਨ ਜਦੋਂ ਉਨ੍ਹਾਂ ਨੂੰ ਆਪਣੇ ਬੱਚੇ ਨੂੰ ਹਮੇਸ਼ਾ ਲਈ ਅਲਵਿਦਾ ਕਹਿਣਾ ਪਵੇ। ਇਕ ਪੁੱਤ ਨੂੰ ਪਿਤਾ ਤੋਂ ਪਹਿਲਾਂ ਨਹੀਂ ਜਾਣਾ ਚਾਹੀਦਾ। ਇਸ ਨੁਕਸਾਨ ਨੇ ਸਾਨੂੰ ਇਸ ਤਰ੍ਹਾਂ ਤੋੜ ਦਿੱਤਾ ਹੈ, ਜਿਸ ਨੂੰ ਅਸੀਂ ਅਜੇ ਪੂਰੀ ਤਰ੍ਹਾਂ ਤੋਂ ਸਮਝ ਵੀ ਨਹੀਂ ਪਾ ਰਹੇ ਹਾਂ।

