ਪੱਛਮੀ ਬੰਗਾਲ ਵਿੱਚ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਪ੍ਰਕਿਰਿਆ ਵਿਚਾਲੇ ਚੋਣ ਕਮਿਸ਼ਨ ਨੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸੰਮਨ ਭੇਜਿਆ ਹੈ। ਕਮਿਸ਼ਨ ਨੇ ਸ਼ਮੀ ਅਤੇ ਉਸ ਦੇ ਭਰਾ ਨੂੰ SIR ਨਾਲ ਸਬੰਧਤ ਕੁਝ ਗੜਬੜੀਆਂ ‘ਤੇ ਸੁਣਵਾਈ ਲਈ ਤਲਬ ਕੀਤਾ ਹੈ। ਕਮਿਸ਼ਨ ਨੇ ਅਦਾਕਾਰ ਤੋਂ ਸੰਸਦ ਮੈਂਬਰ ਬਣੇ ਦੀਪਕ ਅਧਿਕਾਰੀ (ਦੇਵ) ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ।
ਰਿਪੋਰਟਾਂ ਮੁਤਾਬਕ ਸ਼ਮੀ ਨੂੰ ਸੋਮਵਾਰ ਨੂੰ ਦੱਖਣੀ ਕੋਲਕਾਤਾ ਦੇ ਜਾਦਵਪੁਰ ਦੇ ਕਰਤਾਜੂ ਨਗਰ ਸਕੂਲ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਸ ਨੂੰ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀ (AERO) ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਹਾਲਾਂਕਿ, ਸ਼ਮੀ ਵਿਜੇ ਹਜ਼ਾਰੇ ਟਰਾਫੀ ਵਿੱਚ ਹਿੱਸਾ ਲੈਣ ਕਾਰਨ ਤੈਅ ਸਮੇਂ ਅਨੁਸਾਰ ਸੁਣਵਾਈ ਵਿੱਚ ਸ਼ਾਮਲ ਨਹੀਂ ਹੋ ਸਕਿਆ।

ਜਾਣਕਾਰੀ ਮੁਤਾਬਕ ਮੁਹੰਮਦ ਸ਼ਮੀ ਕੋਲਕਾਤਾ ਨਗਰ ਨਿਗਮ (KMC) ਦੇ ਵਾਰਡ ਨੰਬਰ 93 ਵਿੱਚ ਵੋਟਰ ਵਜੋਂ ਰਜਿਸਟਰਡ ਹੈ, ਜੋ ਕਿ ਰਾਸ਼ਬਿਹਾਰੀ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦਾ ਹੈ। ਹਾਲਾਂਕਿ ਉਸਦਾ ਜਨਮ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਹੋਇਆ ਸੀ, ਪਰ ਉਹ ਕਈ ਸਾਲਾਂ ਤੋਂ ਕੋਲਕਾਤਾ ਦਾ ਸਥਾਈ ਨਿਵਾਸੀ ਰਿਹਾ ਹੈ। ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਹੈ ਕਿ ਸ਼ਮੀ ਅਤੇ ਉਸ ਦੇ ਭਰਾ ਦੇ ਗਣਨਾ ਫਾਰਮਾਂ ਵਿੱਚ ਸਮੱਸਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਸੁਣਵਾਈ ਲਈ ਬੁਲਾਇਆ ਗਿਆ ਹੈ। ਸ਼ਮੀ ਦੀ ਸੁਣਵਾਈ 9 ਤੋਂ 11 ਜਨਵਰੀ ਤੱਕ ਹੋਣੀ ਹੈ।
