ਨਵੇਂ ਸਾਲ ਮੌਕੇ ਪੰਜਾਬ ਸਰਕਾਰ ਦਾ ਤੋਹਫਾ-‘ਬਜ਼ੁਰਗਾਂ ਦੀ ਸਿਹਤ ਸੰਭਾਲ ਲਈ 16 ਜਨਵਰੀ ਤੋਂ ਲਗਾਏ ਜਾਣਗੇ ਕੈਂਪ’:

ਪੰਜਾਬ ਸਰਕਾਰ ਨਵੇਂ ਸਾਲ ਮੌਕੇ ਬਜ਼ੁਰਗਾਂ ਲਈ ਤੋਹਫਾ ਲੈ ਕੇ ਆਈ ਹੈ। ਸੂਬਾ ਸਰਕਾਰ ਬਜ਼ੁਰਗਾਂ ਨੂੰ ਸਿਹਤ ਤੇ ਸਹੂਲਤਾਂ ਮੁਹੱਈਆ ਕਰਾਉਣ ਤੋਂ ਲੈ ਕੇ ਉਨ੍ਹਾਂ ਦੀਆਂ ਸਾਰੀਆਂ ਦਿੱਕਤਾਂ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਕੰਮ ਕਰੇਗੀ। ਇਸ ਦੇ ਫਸਟ ਫੇਜ਼ ਵਿਚ 16 ਜਨਵਰੀ ਤੋਂ ਪੂਰੇ ਪੰਜਾਬ ਵਿਚ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਲਈ ਕੈਂਪ ਲੱਗਣਗੇ। ਕੈਂਪ ਵਿਚ ਬਜ਼ੁਰਗਾਂ ਨੂੰ ਐਨਕ, ਹੇਅਰਿੰਗ ਐਡ, ਵਾਕਿੰਗ ਸਟਿਕ ਸਣੇ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਦੂਜੇ ਪਾਸੇ ਹੁਣ ਓਲਡ ਏਜ ਹੋਮ ਵਿਚ ਡੇ ਕੇਅਰ ਸਹੂਲਤ ਵੀ ਦਿੱਤੀ ਜਾਵੇਗੀ। ਅਜਿਹੇ ਵਿਚ ਜੋ ਪਰਿਵਾਰ ਆਪੇ ਬਜ਼ੁਰਗਾਂ ਨੂੰ ਓਲਡ ਏਜ ਹੋਮ ਵਿਚ ਨਹੀਂ ਰੱਖਣਾ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਦਿਨ ਵਿਚ ਉਥੇ ਭੇਜ ਸਕਣਗੇ। ਇਨ੍ਹਾਂ ਕੇਅਰ ਸੈਂਟਰਾਂ ਵਿਚ ਲਾਇਬ੍ਰੇਰੀ ਤੋਂ ਲੈ ਕੇ ਹੋਰ ਸਾਰੀਆਂ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ। ਪੰਜਾਬ ਦੀ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਇਹ ਜਾਣਕਾਰੀ ਦਿੱਤੀ।
ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਡੀ ਸਰਕਾਰ ਨੇ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ 16 ਜਨਵਰੀ ਤੋਂ ਮੋਹਾਲੀ ਤੋਂ ਕੈਂਪਾਂ ਦੀ ਸ਼ੁਰੂਆਤ ਹੋਵੇਗੀ। ਦੂਜੇ ਪਾਸੇ ਬਜ਼ੁਰਗਾਂ ਦੀਆਂ ਜ਼ਰੂਰਤਾਂ ਲਈ ਅਸੇਸਮੈਂਟ ਸਰਵੇ ਸ਼ੁਰੂ ਹੋ ਗਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਬਜ਼ੁਰਗਾਂ ਨੂੰ ਕੀ ਲੋੜ ਹੈ। ਕੈਂਪਾਂ ਵਿਚ ਬਜ਼ੁਰਗਾਂ ਦੇ ਆਪ੍ਰੇਸ਼ਨ ਵੀ ਕਰਵਾਏ ਜਾਣਗੇ। ਇਸ ਦੌਰਾਨ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਹੋਵੇਗਾ। ਇਸ ਸਬੰਧੀ ਸਰਕਾਰ 7.85 ਕਰੋੜ ਖਰਚ ਕਰੇਗੀ। ਇਸ ਦੌਰਾਨ ਉਨ੍ਹਾਂ ਦੇ ਪੈਨਸ਼ਨ, ਸੀਨੀਅਰ ਸਿਟੀਜ਼ਨ ਕਾਰਡ, ਹੈਲਪਲਾਈਨ 14567 ਬਾਰੇ ਕੈਂਪਾਂ ਵਿਚ ਜਾਣੂ ਕਰਾਇਆ ਜਾਵੇਗਾ। ਹਰ ਤਰ੍ਹਾਂ ਦੀ ਬੀਮਾਰੀ ਦਾ ਇਲਾਜ ਜਾਂ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਦੀ ਜਾਇਦਾਦ ਨਾਲ ਜੁੜੇ 1789 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਸੂਬੇ ਵਿਚ ਬਿਰਧ ਆਸ਼ਰਮ, ਜੋ NGO ਵੱਲੋਂ ਚਲਾਏ ਜਾ ਰਹੇ ਹਨ ਉਨ੍ਹਾਂ ਨੂੰ 6 ਕਰੋੜ 82 ਲੱਖ ਰੁਪਏ ਰਿਲੀਜ਼ ਕੀਤੇ ਜਾਣਗੇ। 10 ਤਰੀਖ ਨੂੰ ਮਾਨਸਾ ਵਿਚ ਨਵਾਂ ਓਲਡ ਏਜ ਹੋਮ ਤਿਆਰ ਕੀਤਾ ਗਿਆ, ਉਸ ਨੂੰ ਸ਼ੁਰੂ ਕਰਾਂਗੇ। ਪਹਿਲਾਂ ਇਹ ਕੇਂਦਰ ਤਪਾ ਵਿਚ ਹੀ ਸਥਾਪਤ ਕੀਤਾ ਗਿਆ ਸੀ। ਦੂਜੇ ਪਾਸੇ ਹੁਣ ਸਰਕਾਰ ਸਕਿਲ ਡਿਵੈਲਪਮੈਂਟ ਕੋਰਸ ਵਿਚ ਬਜ਼ੁਰਗਾਂ ਦੀ ਸਾਂਭ-ਸੰਭਾਲ ਕੋਰਸ ਸ਼ੁਰੂ ਕਰੇਗੀ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।

Leave a Reply

Your email address will not be published. Required fields are marked *