ਸਰਦੀ ਤੇ ਧੁੰਦ ਦਾ ਪਰਕੋਪ ਲਗਾਤਾਰ ਵੱਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਠੰਡ ਹੋਰ ਵਧੇਗੀ ਅਤੇ ਮੀਂਹ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਠੰਡ ਦੇ ਮੱਦੇਨਜ਼ਰ ਸਕੂਲਾਂ ਵਿਚ ਕੀਤੀਆਂ ਗਈਆਂ ਛੁੱਟੀਆਂ 1 ਜਨਵਰੀ ਨੂੰ ਖ਼ਤਮ ਹੋਣੀਆਂ ਹਨ। ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਪ੍ਰਾਇਮਰੀ ਕਲਾਸ ਤੱਕ ਦੇ ਛੋਟੇ ਬੱਚਿਆਂ ਨੂੰ ਸਕੂਲਾਂ ਵਿਚ ਹੋਰ ਛੁੱਟੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਠੰਡ ਤੋਂ ਬਚੇ ਰਹਿਣ।
ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਸਕੂਲਾਂ ਵਿਚ ਇਹ ਮੁਸ਼ਕਿਲ ਹੋਰ ਵੀ ਬਣੀ ਹੋਈ ਹੈ। ਜਿੱਥੋਂ ਪੰਜਾਬ ਦੇ ਦੂਰ-ਦੁਰਾਡੇ ਅਤੇ ਵੱਖ-ਵੱਖ ਕੋਨਿਆਂ ਵਿਚੋਂ ਅਧਿਆਪਕ ਆਉਂਦੇ ਹਨ। ਇਨ੍ਹਾਂ ਅਧਿਆਪਕਾਂ ਨੂੰ ਠੰਡ ਵਿਚ ਖਾਸੀ ਪ੍ਰੇਸ਼ਾਨੀ ਆਵੇਗੀ, ਲਿਹਾਜ਼ਾ ਸਰਹੱਦੀ ਖੇਤਰਾਂ ਦੇ ਸਕੂਲਾਂ ਨੂੰ ਛੁੱਟੀਆਂ ਹੋਰ ਕਰਨੀਆਂ ਚਾਹੀਦੀਆਂ ਹਨ। ਪੰਜਾਬ ਸਰਕਾਰ ਫੌਰੀ ਤੌਰ ‘ਤੇ ਸਕੂਲਾਂ ਵਿਚ ਛੁੱਟੀਆਂ ਦੇ ਵਾਧੇ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਸਰਦੀ ਦਾ ਪਰਕੋਪ ਹਰ ਵਾਰ ਜ਼ਿਆਦਾ ਹੁੰਦਾ ਹੈ। ਪਿਛਲੇ ਸਾਲ ਵੀ ਸਰਕਾਰ ਨੇ ਵੱਧਦੀ ਠੰਡ ਨੂੰ ਦੇਖਦੇ ਹੋਏ ਛੁੱਟੀਆਂ ਵਿਚ ਵਾਧਾ ਕੀਤਾ ਸੀ। ਹੁਣ ਵੀ ਮੌਸਮ ਵਿਗੜ ਰਿਹਾ ਹੈ, ਲਿਹਾਜ਼ਾ ਛੁੱਟੀਆਂ ਵਿਚ ਫੌਰੀ ਵਾਧਾ ਕਰਨਾ ਚਾਹੀਦਾ ਹੈ।
