ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਨਵੇਂ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਵਣਜ ਮੰਤਰੀ, ਰਾਜ, ਖ਼ਜ਼ਾਨਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਲਗਾਤਾਰ ਨਿਗਰਾਨੀ ਕਰਨਗੇ ਕਿ ਕੀ ਭਾਰਤ ਰੂਸੀ ਸੰਘ ਦੇ ਤੇਲ ਦੀ ਦਰਾਮਦ ਫਿਰ ਸ਼ੁਰੂ ਕਰ ਰਿਹਾ ਹੈ।
ਟਰੰਪ ਪ੍ਰਸ਼ਾਸਨ ਨੇ ਭਾਰਤ ‘ਤੇ ਲਗਾਏ ਗਏ ਵਾਧੂ 25 ਫੀਸਦੀ ਟੈਰਿਫ ਨੂੰ ਹਟਾਉਂਦੇ ਹੋਏ ਸਪੱਸ਼ਟ ਧਮਕੀ ਬਰਕਰਾਰ ਰੱਖੀ ਹੈ ਕਿ ਜੇਕਰ ਭਾਰਤ ਰੂਸ ਤੋਂ ਤੇਲ ਦੀ ਸਿੱਧੀ ਜਾਂ ਅਸਿੱਧੀ ਦਰਾਮਦ (import) ਫਿਰ ਤੋਂ ਸ਼ੁਰੂ ਕਰਦਾ ਹੈ, ਤਾਂ ਇਹ ਟੈਕਸ ਦੁਬਾਰਾ ਲਗਾ ਦਿੱਤਾ ਜਾਵੇਗਾ।
ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੇ ਗਏ ਨਵੇਂ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਵਣਜ ਮੰਤਰੀ, ਰਾਜ, ਖ਼ਜ਼ਾਨਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਲਗਾਤਾਰ ਨਿਗਰਾਨੀ ਕਰਨਗੇ ਕਿ ਕੀ ਭਾਰਤ ਰੂਸੀ ਸੰਘ ਦੇ ਤੇਲ ਦੀ ਦਰਾਮਦ ਫਿਰ ਸ਼ੁਰੂ ਕਰ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਕੋਲ ਭਾਰਤ ‘ਤੇ ਦੁਬਾਰਾ ਟੈਕਸ ਲਗਾਉਣ ਦਾ ਅਧਿਕਾਰ ਹੋਵੇਗਾ।
ਦੋਵਾਂ ਦੇਸ਼ਾਂ ਨੇ ਜਾਰੀ ਕੀਤਾ ਸਾਂਝਾ ਬਿਆਨ
ਵ੍ਹਾਈਟ ਹਾਊਸ ਵੱਲੋਂ ਉਕਤ ਆਦੇਸ਼ ਤੋਂ ਕੁਝ ਘੰਟੇ ਪਹਿਲਾਂ, ਪੀਐਮ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ 2 ਫਰਵਰੀ ਨੂੰ ਹੋਈ ਗੱਲਬਾਤ ਵਿੱਚ ਭਾਰਤ ਅਤੇ ਅਮਰੀਕਾ ਵਿਚਾਲੇ ਜਿਸ ਟ੍ਰੇਡ ਡੀਲ ਨੂੰ ਲੈ ਕੇ ਸਹਿਮਤੀ ਬਣੀ ਹੈ, ਉਸ ‘ਤੇ ਦੋਵਾਂ ਦੇਸ਼ਾਂ ਨੇ ਸਾਂਝਾ ਬਿਆਨ ਜਾਰੀ ਕਰ ਦਿੱਤਾ ਹੈ।
ਕਿਸਾਨਾਂ ਨੂੰ ਅਮਰੀਕੀ ਉਤਪਾਦਾਂ ਤੋਂ ਡਰਨ ਦੀ ਲੋੜ ਨਹੀਂ
ਇਸ ਬਿਆਨ ਦਾ ਨਿਚੋੜ ਇਹ ਹੈ ਕਿ ਭਾਰਤ ਦੇ ਰਵਾਇਤੀ ਅਨਾਜ ਅਤੇ ਦੁੱਧ ਉਤਪਾਦ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਅਮਰੀਕੀ ਉਤਪਾਦਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਨਾ ਤਾਂ ਕਣਕ-ਚੌਲ, ਨਾ ਹੀ ਦੁੱਧ-ਪਨੀਰ ਅਤੇ ਨਾ ਹੀ ਕੇਲਾ ਜਾਂ ਹੋਰ ਫਲਾਂ ਦੀ ਦਰਾਮਦ ਦੀ ਮਨਜ਼ੂਰੀ ਦਿੱਤੀ ਗਈ ਹੈ। ਹਾਂ, ਪਸ਼ੂ ਚਾਰਾ, ਅਮਰੀਕੀ ਸ਼ਰਾਬ, ਸੋਇਆਬੀਨ ਤੇਲ ਅਤੇ ਹੋਰ ਫਲਾਂ ਦੀ ਦਰਾਮਦ ਤੇਜ਼ੀ ਨਾਲ ਵਧੇਗੀ ਕਿਉਂਕਿ ਇਨ੍ਹਾਂ ਦੇ ਰਾਹ ਦੀਆਂ ਰੁਕਾਵਟਾਂ ਨੂੰ ਭਾਰਤ ਸਰਕਾਰ ਦੂਰ ਕਰੇਗੀ।
ਟਰੰਪ ਨੇ ਟੈਰਿਫ ਹਟਾਉਣ ਦਾ ਕੀਤਾ ਐਲਾਨ
ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਕਾਰਨ ਭਾਰਤ ‘ਤੇ ਲਗਾਏ ਗਏ 25 ਫੀਸਦੀ ਦੇ ਵਾਧੂ ਟੈਕਸ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਭਾਰਤ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਰੂਸ ਤੋਂ ਪੈਟਰੋਲੀਅਮ ਉਤਪਾਦ ਨਾ ਖਰੀਦਣ ਦਾ ਵਾਅਦਾ ਕੀਤਾ ਹੈ। ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਸ ਨੂੰ ਇਤਿਹਾਸਕ ਕਦਮ ਦੱਸਦਿਆਂ ਕਿਹਾ ਕਿ ਭਾਰਤੀ ਨਿਰਯਾਤਕਾਂ (exporters) ਲਈ ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਦੇ ਦਰਵਾਜ਼ੇ ਖੁੱਲ੍ਹਣਗੇ।
ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਘਟਣਗੀਆਂ
ਬਿਆਨ ਤੋਂ ਸਾਫ਼ ਹੈ ਕਿ ਭਾਰਤ ਵਿੱਚ ਅਮਰੀਕਾ ਤੋਂ ਆਉਣ ਵਾਲੀ ਮਸ਼ੀਨਰੀ, ਇਲੈਕਟ੍ਰੋਨਿਕਸ, ਫਲ, ਡ੍ਰਾਈ ਫਰੂਟਸ, ਸੋਇਆਬੀਨ ਤੇਲ, ਸ਼ਰਾਬ ਆਦਿ ਦੀਆਂ ਕੀਮਤਾਂ ਘਟਣਗੀਆਂ ਕਿਉਂਕਿ ਇਨ੍ਹਾਂ ‘ਤੇ ਹੁਣ ਕੋਈ ਇੰਪੋਰਟ ਡਿਊਟੀ ਨਹੀਂ ਲੱਗੇਗੀ। ਭਾਰਤ ਦੇ ਜਿਨ੍ਹਾਂ ਉਦਯੋਗਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ, ਉਨ੍ਹਾਂ ਵਿੱਚ ਆਟੋਮੋਬਾਈਲ, ਜਹਾਜ਼ਾਂ ਦੇ ਪੁਰਜ਼ੇ, ਜੈਨਰਿਕ ਦਵਾਈਆਂ ਅਤੇ ਰਤਨ ਤੇ ਆਭੂਸ਼ਣ ਸ਼ਾਮਲ ਹਨ।
ਟੈਕਸਟਾਈਲ, ਚਮੜਾ, ਜੁੱਤੇ, ਰਬੜ, ਰਸਾਇਣ ਅਤੇ ਘਰੇਲੂ ਸਮਾਨ ਦੀ ਦਰਾਮਦ ‘ਤੇ ਅਮਰੀਕਾ ਵਿੱਚ 18 ਫੀਸਦੀ ਟੈਕਸ ਲਗਾਇਆ ਜਾਵੇਗਾ। ਹਾਲਾਂਕਿ ਇਹ ਦਰ ਚੀਨ, ਵੀਅਤਨਾਮ ਅਤੇ ਬੰਗਲਾਦੇਸ਼ ਵਰਗੇ ਮੁਕਾਬਲੇਬਾਜ਼ ਦੇਸ਼ਾਂ ਨਾਲੋਂ ਘੱਟ ਹੈ, ਇਸ ਲਈ ਭਾਰਤੀ ਨਿਰਯਾਤਕਾਂ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਹੈ।
ਅੰਤਰਿਮ ਸਮਝੌਤੇ ਵਿੱਚ ਕੀ ਕਿਹਾ ਗਿਆ?
ਅੰਤਰਿਮ ਸਮਝੌਤੇ ਵਿੱਚ ਕਿਹਾ ਗਿਆ ਹੈ, “ਅਮਰੀਕਾ ਕਈ ਅਹਿਮ ਭਾਰਤੀ ਉਤਪਾਦਾਂ ਜਿਵੇਂ ਜੈਨਰਿਕ ਦਵਾਈਆਂ, ਹੀਰੇ-ਜਵਾਹਰਾਤ ਅਤੇ ਜਹਾਜ਼ਾਂ ਦੇ ਪੁਰਜ਼ਿਆਂ ‘ਤੇ ਇਹ ਵਾਧੂ ਟੈਕਸ ਹਟਾ ਦੇਵੇਗਾ। ਬਦਲੇ ਵਿੱਚ ਭਾਰਤ ਨੂੰ ਆਟੋਮੋਬਾਈਲ ਪੁਰਜ਼ਿਆਂ ਲਈ ਅਮਰੀਕਾ ਵਿੱਚ ਵਿਸ਼ੇਸ਼ ਰਿਆਇਤੀ ਕੋਟਾ ਮਿਲੇਗਾ।”
ਪੀਯੂਸ਼ ਗੋਇਲ ਨੇ ਕੀ ਕਿਹਾ?
ਵਣਜ ਮੰਤਰੀ ਪੀਯੂਸ਼ ਗੋਇਲ ਨੇ ਕਿਹਾ, “ਭਾਰਤ ਨੇ ਅਮਰੀਕਾ ਨਾਲ ਇਹ ਢਾਂਚਾ ਤਿਆਰ ਕੀਤਾ ਹੈ, ਜਿਸ ਨਾਲ ਭਾਰਤੀ ਨਿਰਯਾਤਕਾਂ ਨੂੰ ਕਰੀਬ 30 ਟ੍ਰਿਲੀਅਨ ਡਾਲਰ ਦੇ ਅਮਰੀਕੀ ਬਾਜ਼ਾਰ ਤੱਕ ਬਿਹਤਰ ਪਹੁੰਚ ਮਿਲੇਗੀ। ਖਾਸ ਤੌਰ ‘ਤੇ MSME, ਕਿਸਾਨ, ਮਛੇਰੇ, ਔਰਤਾਂ ਅਤੇ ਨੌਜਵਾਨ ਇਸ ਤੋਂ ਲਾਭ ਉਠਾਉਣਗੇ।”
ਪਸ਼ੂ ਚਾਰੇ ਲਈ ਖੁੱਲ੍ਹੇ ਦਰਵਾਜ਼ੇ
ਭਾਰਤ ਨੇ ਅਮਰੀਕਾ ਤੋਂ ਪਸ਼ੂ ਚਾਰੇ ਦੀ ਦਰਾਮਦ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਨਾਲ ਡੇਅਰੀ ਅਤੇ ਪਸ਼ੂ ਪਾਲਣ ਖੇਤਰ ਨੂੰ ਰਾਹਤ ਮਿਲੇਗੀ ਅਤੇ ਲਾਗਤ ਘਟੇਗੀ। ਲਾਲ ਜਵਾਰ ਅਤੇ ਈਥੇਨੌਲ ਬਣਾਉਣ ਤੋਂ ਬਾਅਦ ਬਚਿਆ ਹੋਇਆ ਅਨਾਜ (ਪਸ਼ੂ ਖੁਰਾਕ ਲਈ) ਦਰਾਮਦ ਕਰਨਾ ਮਹੱਤਵਪੂਰਨ ਹੈ।
ਅਮਰੀਕਾ ਤੋਂ ਭਾਰਤ ਹੋਣ ਵਾਲੀ ਦਰਾਮਦ ਵਧੇਗੀ
ਭਾਰਤ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਤੋਂ 500 ਅਰਬ ਡਾਲਰ ਦੇ ਊਰਜਾ ਉਤਪਾਦ, ਜਹਾਜ਼, ਕੀਮਤੀ ਧਾਤਾਂ ਅਤੇ ਤਕਨੀਕੀ ਸਮਾਨ ਖਰੀਦਣ ਲਈ ਸਹਿਮਤ ਹੋਇਆ ਹੈ। ਇਸ ਦਾ ਮਤਲਬ ਹੈ ਕਿ ਅਮਰੀਕਾ ਤੋਂ ਭਾਰਤ ਨੂੰ ਹੋਣ ਵਾਲੀ ਦਰਾਮਦ ਦੁੱਗਣੀ ਤੋਂ ਵੀ ਜ਼ਿਆਦਾ ਵਧ ਜਾਵੇਗੀ।

