Amritsar ਦੇ ਮਜੀਠਾ ਰੋਡ ’ਤੇ Thar ਨੇ ਆਟੋ ਤੇ ਕਾਰ ਨੂੰ ਮਾਰੀ ਭਿਆਨਕ ਟੱਕਰ, CCTV ਵੀਡੀਓ ਆਈ ਸਾਹਮਣੇ !

Amritsar News : ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਖੜ੍ਹੇ ਆਟੋ ਅਤੇ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਥਾਰ ਬਹੁਤ ਜ਼ਿਆਦਾ ਰਫ਼ਤਾਰ ’ਚ ਸੀ ਅਤੇ ਸਿੱਧੀ ਆਟੋ ਤੇ ਕਾਰ ਨਾਲ ਟਕਰਾ ਗਈ। ਹਾਦਸੇ ’ਚ ਆਟੋ ਚਾਲਕ ਦੇ ਗੋਡੇ ’ਤੇ ਗੰਭੀਰ ਸੱਟ ਲੱਗੀ, ਜਦਕਿ ਆਟੋ ’ਚ ਬੈਠੀ ਸਵਾਰੀ ਦੇ ਹੱਥ ‘ਤੇ ਸੱਟ ਲੱਗੀ। 

ਪੀੜਤ ਆਟੋ ਚਾਲਕ ਨੇ ਦੱਸਿਆ ਕਿ ਉਹ ਮਜੀਠਾ ਰੋਡ ’ਤੇ ਸਵਾਰੀ ਲੈ ਕੇ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਥਾਰ ਨੇ ਉਸਦੀ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਨੇ ਕਿਹਾ ਕਿ ਥਾਰ ਇੰਨੀ ਤੇਜ਼ ਸੀ ਕਿ ਦੋ ਗੱਡੀਆਂ ਨੂੰ ਚੁੱਕ ਕੇ ਦੂਰ ਸੁੱਟ ਦਿੱਤਾ। ਉਸ ਨੇ ਕਿ ਥਾਰ ਗੱਡੀ ਵਾਸ਼ਿੰਗ ਸੈਂਟਰ ’ਤੇ ਧੋਣ ਲਈ ਆਈ ਸੀ ਅਤੇ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਨੇ ਹੀ ਚਾਬੀ ਫੜ ਕੇ ਗੱਡੀ ਚਲਾਈ। ਹਾਦਸੇ ਤੋਂ ਬਾਅਦ ਥਾਰ ਦਾ ਮਾਲਕ ਗੱਡੀ ਨੂੰ ਮੌਕੇ ਤੋਂ ਲੈ ਕੇ ਫਰਾਰ ਹੋ ਗਿਆ।

ਦੂਜੇ ਪਾਸੇ ਹਾਦਸੇ ’ਚ ਨੁਕਸਾਨੀ ਗਈ ਕਾਰ ਦੇ ਮਾਲਕ ਨੇ ਦੱਸਿਆ ਕਿ ਉਹ ਆਪਣੀ ਕਾਰ ਵਾਸ਼ਿੰਗ ਲਈ ਲਗਾ ਕੇ ਬਾਹਰ ਖੜ੍ਹਾ ਸੀ। ਇਸ ਦੌਰਾਨ ਵਾਸ਼ਿੰਗ ਸੈਂਟਰ ਦਾ ਕਰਮਚਾਰੀ ਕਿਸੇ ਨੂੰ ਲੈਣ ਗਿਆ ਅਤੇ ਵਾਪਸੀ ਦੌਰਾਨ ਤੇਜ਼ ਰਫ਼ਤਾਰ ਨਾਲ ਆ ਕੇ ਪਹਿਲਾਂ ਆਟੋ ਨੂੰ ਟੱਕਰ ਮਾਰੀ ਅਤੇ ਫਿਰ ਉਸ ਦੀ ਖੜ੍ਹੀ ਕਾਰ ਨੂੰ ਚੁੱਕ ਕੇ ਵਿਚਕਾਰ ਸੁੱਟ ਦਿੱਤਾ। ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। 

ਕਾਰ ਮਾਲਕ ਨੇ ਮੰਗ ਕੀਤੀ ਕਿ ਉਸਦੀ ਗੱਡੀ ਅਤੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਸ ਨੇ ਆਰੋਪ ਲਗਾਇਆ ਕਿ ਹਾਦਸਾ ਕਰਨ ਵਾਲਾ ਵਿਅਕਤੀ ਵਾਸ਼ਿੰਗ ਸੈਂਟਰ ਦਾ ਹੀ ਕਰਮਚਾਰੀ ਸੀ ,ਜੋ ਮੌਕੇ ਤੋਂ ਭੱਜ ਗਿਆ। ਉੱਧਰ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ 112 ’ਤੇ ਕੰਪਲੇਂਟ ਮਿਲੀ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟ੍ਰੈਫਿਕ ਨੂੰ ਸਾਈਡ ਕਰਵਾਇਆ ਅਤੇ ਗੱਡੀਆਂ ਨੂੰ ਹਟਾਇਆ। ਥਾਣਾ ਸਦਰ ਦੀ ਪੁਲਿਸ ਅਤੇ ਮੋਟਰ ਵਿੰਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਥਾਰ ਦੇ ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਆਰੋਪੀ ਹੋਵੇਗਾ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *