ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਵੈਨ ਅਤੇ ਟਰੈਕਟਰ-ਟਰਾਲੀ ਦੀ ਟੱਕਰ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਬੁੱਧਵਾਰ ਦੇਰ ਰਾਤ ਜ਼ਿਲ੍ਹੇ ਦੇ ਬੇਰਸੀਆ ਇਲਾਕੇ ਵਿੱਚ ਵਾਪਰਿਆ। ਟਰੈਕਟਰ-ਟਰਾਲੀ ਵਿੱਚ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਨਰਮਦਾਪੁਰਮ ਵਿੱਚ ਪਵਿੱਤਰ ਇਸ਼ਨਾਨ ਕਰਕੇ ਪਰਤ ਰਹੇ ਲੋਕ ਸਵਾਰ ਸਨ।
ਬੇਰਸੀਆ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਇੰਚਾਰਜ ਵਿਜੇਂਦਰ ਸੇਨ ਨੇ ਦੱਸਿਆ ਕਿ ਨਰਮਦਾਪੁਰਮ ਜਾ ਰਹੀ ਇੱਕ ਪਿੱਕਅੱਪ ਵੈਨ ਅਤੇ ਟਰੈਕਟਰ-ਟਰਾਲੀ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਾਦਸਾਗ੍ਰਸਤ ਵਾਹਨਾਂ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ।
ਸਾਰੇ ਮ੍ਰਿਤਕ ਸਿਰੋਂਜ ਦੇ ਰਹਿਣ ਵਾਲੇ ਸਨ
ਵੈਨ ਵਿੱਚ ਸਵਾਰ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਲੋਕ ਸ਼ਾਮਲ ਸਨ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਕੇਸ਼ ਅਹਿਰਵਾਰ (40), ਬਾਬਰੀ ਬਾਈ (60), ਦੀਪਕ (14), ਲਕਸ਼ਮੀ ਬਾਈ (60) ਅਤੇ ਹਰੀ ਬਾਈ (60) ਵਜੋਂ ਹੋਈ ਹੈ, ਇਹ ਸਾਰੇ ਸਿਰੋਂਜ ਦੇ ਰਹਿਣ ਵਾਲੇ ਸਨ। ਦੋਵਾਂ ਗੱਡੀਆਂ ਵਿੱਚ ਸਵਾਰ ਦਸ ਲੋਕ, ਜਿਨ੍ਹਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ, ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਭੋਪਾਲ ਦੇ ਹਮੀਦੀਆ ਅਤੇ ਹੋਰ ਨਿੱਜੀ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ।

