Site icon Amritsar Awaaz

ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਲਈ ਦੋ ਮਾਸੂਮ ਬੱਚਿਆਂ ਦੀ ਜਾਨ, ਪ੍ਰੀਖਿਆ ਲਈ Color ਖਰੀਦਣ ਨਿਕਲੇ ਸਨ ਘਰੋਂ !

ਵੀਰਵਾਰ ਦੇਰ ਸ਼ਾਮ ਪਿੰਡ ਝਾਵਰ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਮਿੱਟੀ ਨਾਲ ਲੱਦੀ ਇੱਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ। ਦੋਵੇਂ ਬੱਚੇ ਆਪਣੀ ਡਰਾਇੰਗ ਪ੍ਰੀਖਿਆ ਲਈ ਨਵੇਂ ਕਲਰ ਖਰੀਦਣ ਲਈ ਘਰੋਂ ਨਿਕਲੇ ਸਨ। ਮ੍ਰਿਤਕਾਂ ਦੀ ਪਛਾਣ ਮਨਪ੍ਰੀਤ ਸਿੰਘ (11) ਪੁੱਤਰ ਮਨਜਿੰਦਰ ਕੁਮਾਰ ਅਤੇ ਹਰਪ੍ਰੀਤ (10) ਸਿੰਘ ਪੁੱਤਰ ਤਰਵਿੰਦਰ ਕੁਮਾਰ ਵਜੋਂ ਹੋਈ ਹੈ।

ਮ੍ਰਿਤਕ ਦੇ ਰਿਸ਼ਤੇਦਾਰ ਰਿੰਪੂ ਨੇ ਦੱਸਿਆ ਕਿ ਉਸਦੇ ਭਤੀਜੇ ਮਨਪ੍ਰੀਤ ਅਤੇ ਹਰਪ੍ਰੀਤ ਦੇ ਇਮਤਿਹਾਨਾਂ ਚੱਲ ਰਹੇ ਸਨ। ਦੋਵੇ ਬੱਚੇ ਡਰਾਇੰਗ ਪ੍ਰੀਖਿਆ ਲਈ ਨਵੇਂ ਕਲਰ ਖ੍ਰੀਦਣ ਦੀ ਜ਼ਿੱਦ ਕਰ ਰਹੇ ਸਨਵ। ਮਨਜਿੰਦਰ ਕੁਮਾਰ ਉਨ੍ਹਾਂ ਦੋਵਾਂ ਨੂੰ ਆਪਣੇ ਮੋਟਰਸਾਈਕਲ ‘ਤੇ ਬਿਠਾ ਕੇ ਨੇੜਲੀ ਦੁਕਾਨ ਤੋਂ ਕਲਰ ਖਰੀਦਣ ਲਈ ਗਿਆ। ਉਹ ਥੋੜ੍ਹੀ ਦੂਰੀ ‘ਤੇ ਹੀ ਗਏ ਸਨ ਕਿ ਝਾਵਰ ਨੇੜੇ ਮਿੱਟੀ ਨਾਲ ਲੱਦੀ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਬੱਚੇ ਟਰਾਲੀ ਦੇ ਟਾਇਰਾਂ ਹੇਠਾਂ ਆ ਗਏ। ਜਦੋਂ ਕਿ ਮਨਜਿੰਦਰ ਦੂਜੇ ਪਾਸੇ ਡਿੱਗ ਗਿਆ। ਦੋਵੇਂ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਮੋਟਰਸਾਈਕਲ ਚਲਾ ਰਿਹਾ ਮਨਜਿੰਦਰ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਟਰੈਕਟਰ ਟਰਾਲੀ ਲੈ ਗਿਆ ਭੱਜ ਗਿਆ। ਨੇੜਲੇ ਨਿਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਜ਼ਖਮੀ ਮਨਜਿੰਦਰ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸ਼ੁੱਕਰਵਾਰ ਦੁਪਹਿਰ 2:30 ਵਜੇ ਦੇ ਕਰੀਬ ਬੱਬਰ ਬਾਈਪਾਸ ਰੋਡ ‘ਤੇ ਧਰਨਾ ਦਿੱਤਾ। ਉਨ੍ਹਾਂ ਨੇ ਸੜਕ ਜਾਮ ਕਰਕੇ ਫਰਾਰ ਡਰਾਈਵਰ ਅਤੇ ਟਰੈਕਟਰ ਮਾਲਕ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਧਰਨੇ ਦੀ ਜਾਣਕਾਰੀ ਮਿਲਣ ‘ਤੇ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਅਮਨਦੀਪ ਸਿੰਘ ਅਤੇ ਤਿੱਬੜ ਪੁਲਿਸ ਸਟੇਸ਼ਨ ਦੇ ਇੰਚਾਰਜ ਕਿਰਨਦੀਪ ਕੌਰ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰਕ ਮੈਂਬਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ‘ਤੇ ਅੜੇ ਰਹੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਤੋਂ ਤੁਰੰਤ ਬਾਅਦ ਟਰੈਕਟਰ-ਟਰਾਲੀ ਮਾਲਕ ਬਲਵਿੰਦਰ ਸਿੰਘ ਵਾਸੀ ਝਾਵਰ ਅਤੇ ਡਰਾਈਵਰ ਬੋਬੀ ਮਸੀਹ ਵਾਸੀ ਬਾਜੇਚੱਕ ਖਿਲਾਫ ਤਿੱਬੜ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਮੁਲਜ਼ਮਾਂ ਦੀ ਹਰ ਜਗ੍ਹਾ ਭਾਲ ਕਰ ਰਹੀ ਹੈ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਦੇ ਭਰੋਸੇ ਤੋਂ ਬਾਅਦ ਧਰਨਾ ਲਗਭਗ ਇੱਕ ਘੰਟੇ ਬਾਅਦ ਖਤਮ ਹੋ ਗਿਆ। ਪੁਲਿਸ ਨੇ ਹੁਣ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।

ਮਾਂ ਨੇ ਕਿਹਾ- ਸਮਝਾਉਣ ਦੇ ਬਾਵਜੂਦ ਵੀ ਨਹੀਂ ਮੰਨੇ ਬੱਚੇ

ਮ੍ਰਿਤਕ ਮਨਪ੍ਰੀਤ ਦੀ ਮਾਂ ਰੇਣੂ ਨੇ ਕਿਹਾ ਕਿ ਬੱਚਿਆਂ ਦਾ ਡਰਾਇੰਗ ਇਮਤਿਹਾਨ ਸੀ। ਉਨ੍ਹਾਂ ਨੇ ਨਵੇਂ ਕਲਰ ਖਰੀਦਣ ਦੀ ਜ਼ਿੱਦ ਕੀਤੀ। ਜਦੋਂ ਉਸਦਾ ਪਤੀ ਮਨਜਿੰਦਰ ਕੁਮਾਰ ਸ਼ਾਮ ਨੂੰ ਕੰਮ ਤੋਂ ਘਰ ਵਾਪਸ ਆਇਆ,ਤਾਂ ਬੱਚਿਆਂ ਨੇ ਬਾਜ਼ਾਰ ਤੋਂ ਨਵੇਂ ਰੰਗ ਲੈਣ ਦੀ ਜ਼ਿੱਦ ਕੀਤੀ। ਉਸਨੇ ਉਨ੍ਹਾਂ ਨੂੰ ਸਮਝਾਇਆ ਕਿ ਘਰ ਵਿੱਚ ਕਲ ਪਹਿਲਾਂ ਹੀ ਪਏ ਹੋਏ ਹਨ ਪਰ ਉਹ ਨਵੇਂ ਕਲਰ ਲੈਣ ਦੀ ਜ਼ਿੱਦ ਕਰਦੇ ਰਹੇ।ਉਸਦਾ ਪਤੀ ਬੱਚਿਆਂ ਨੂੰ ਕਲਰ ਦਿਵਾਉਣ ਲਈ ਮੋਟਰਸਾਈਕਲ ‘ਤੇ ਆਪਣੇ ਨਾਲ ਲੈ ਗਿਆ। ਬਾਅਦ ਵਿੱਚ ਉਸਨੂੰ ਖ਼ਬਰ ਮਿਲੀ ਕਿ ਦੋਵੇਂ ਬੱਚਿਆਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਉਸਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ।

Exit mobile version