Site icon Amritsar Awaaz

ਤੁਰਕੀ: ‘ਚ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਪਲੇਨ ਹੋਇਆ ਕ੍ਰੈਸ਼, ਫੌਜ ਦੇ ਮੁਖੀ ਸਣੇ 7 ਲੋਕਾਂ ਦੀ ਗਈ ਜਾਨ!

ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਮੰਗਲਵਾਰ ਦੇਰ ਰਾਤ ਉਡਾਣ ਭਰਨ ਦੇ ਕੁਝ ਦੇਰ ਬਾਅਦ ਨਿੱਜੀ ਜੈੱਟ ਪਲੇਨ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਲੀਬੀਆ ਦੇ ਫੌਜ ਮੁਕੀ ਜਨਰਲ ਮੁਹੰਮਦ ਅਲੀ ਅਹਿਮਦ ਅਲ ਹਦਾਦ ਸਣੇ ਕੁੱਲ 7 ਲੋਕਾਂ ਦੀ ਮੌਤ ਹੋ ਗਈ।
ਲੀਬੀਆ ਅਧਿਕਾਰੀਆਂ ਮੁਤਾਬਕ ਜਹਾਜ਼ ਵਿਚ ਟੇਕਆਫ ਦੇ 30 ਮਿੰਟ ਬਾਅਦ ਹੀ ਤਕਨੀਕੀ ਖਰਾਬੀ ਆ ਗਈ ਸੀ ਜਿਸ ਕਰਕੇ ਹਾਦਸਾ ਵਾਪਰਿਆ। ਇਹ ਲੀਬੀਆਈ ਫੌਜ ਪ੍ਰਤੀਨਿਧੀ ਮੰਡਲ ਅੰਕਾਰਾ ਵਿਚ ਤੁਰਕੀ ਦੇ ਨਾਲ ਰੱਖਿਆ ਸਹਿਯੋਗ ਵਧਾਉਣ ਨੂੰ ਲੈ ਕੇ ਉੱਚ ਪੱਧਰੀ ਗੱਲਬਾਤ ਲਈ ਆਇਆ ਸੀ ਤੇ ਵਾਪਸ ਲੀਬੀਆ ਪਰਤ ਰਿਹਾ ਸੀ।
ਹਾਦਸੇ ਵਿਚ ਮਰਨ ਵਾਲਿਆਂ ਵਿਚ ਲੀਬੀਆ ਦੇ ਥਲ ਫੌਜ ਮੁਖੀ ਜਨਰਲ ਅਲ ਫਿਤੂਰੀ ਘ੍ਰੈਬਿਲ, ਬ੍ਰਿਗੇਡੀਅਰ ਜਨਰਲ ਮਹਿਮੂਦ ਅਲ ਕਤਾਵੀ, ਚੀਫ ਆਫ ਸਟਾਫ ਦੇ ਸਲਾਹਕਾਰ ਮੁਹੰਮਦ ਅਲ ਅਸਾਵੀ ਦਿਆਬ, ਫੌਜ ਫੋਟੋਗ੍ਰਾਫਰ ਮੁਹੰਮਦ ਓਮਰ ਮਹਿਮੂਦ ਮਹਿਜ਼ੂਬ ਤੇ 3 ਕਰੂ ਮੈਂਬਰ ਸ਼ਾਮਲ ਹਨ। ਲੀਬੀਆ ਦੇ ਪ੍ਰਧਾਨ ਮੰਤਰੀ ਅਬਦੁਲ ਹਾਮਿਦ ਦਬੈਬਾ ਨੇ ਬਿਆਨ ਜਾਰੀ ਕਰਕੇ ਜਨਰਲ ਅਲ ਹਦਾਦ ਤੇ ਹੋਰ ਅਧਿਕਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਤੇ ਇਸ ਨੂੰ ਦੇਸ਼ ਲਈ ਵੱਡਾ ਨੁਕਸਾਨ ਦੱਸਿਆ।
ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯਰਲੀਕਾਯਾ ਮੁਤਾਬਕ ਜਹਾਜ਼ ਸਥਾਨਕ ਸਮੇਂ ਮੁਤਾਬਕ ਰਾਤ ਲਗਭਗ 8 ਵਜੇ ਅੰਕਾਰਾ ਦੇ ਏਸਨਬੋਗਾ ਏਅਰਪੋਰਟ ਤੋਂ ਉਡਿਆ ਸੀ ਤੇ ਕੁਝ ਦੇਰ ਬਾਅਦ ਸੰਪਰਕ ਟੁੱਟ ਗਿਆ। ਜਹਾਜ਼ ਨੇ ਹਾਯਮਾਨਾ ਇਲਾਕੇ ਦੇ ਕੋਲ ਐਮਰਜੈਂਸੀ ਲੈਂਡਿੰਗ ਦਾ ਸੰਕੇਤ ਭੇਜਿਆ ਸੀ ਪਰ ਇਸ ਦੇ ਬਾਅਦ ਕੋਈ ਸੰਪਰਕ ਨਹੀਂ ਹੋ ਸਕਿਆ।
ਸਥਾਨਕ ਟੀਵੀ ਚੈਨਲਾਂ ‘ਤੇ ਜਾਰੀ ਸੀਸੀਟੀਵੀ ਫੁਟੇਜ ਵਿਚ ਰਾਤ ਦੇ ਆਸਮਾਨ ਵਿਚ ਤੇਜ਼ ਰੌਸ਼ਨੀ ਤੇ ਧਮਾਕੇ ਵਰਗਾ ਦ੍ਰਿਸ਼ ਦਿਖਿਆ। ਜਹਾਜ਼ ਦਾ ਮਲਬਾ ਅੰਕਾਰਾ ਤੋਂ ਲਗਭਗ 70 ਕਿਲੋਮੀਟਰ ਦੱਖਣ ਹਾਯਮਾਨਾ ਜ਼ਿਲ੍ਹੇ ਦੇ ਇਕ ਪਿੰਡ ਕੋਲ ਮਿਲਿਆ।ਹਾਦਸੇ ਦੇ ਬਾਅਦ ਅੰਕਾਰਾ ਏਅਰਪੋਰਟ ਨੂੰ ਅਸਥਾਈ ਤੌਰ ਤੋਂ ਬੰਦ ਕਰ ਦਿੱਤਾ ਗਿਆ ਤੇ ਕਈ ਉਡਾਣਾਂ ਨੂੰ ਦੂਜੇ ਏਅਰਪੋਰਟ ‘ਤੇ ਭੇਜਿਆ ਗਿਆ। ਤੁਰਕੀ ਦੇ ਨਿਆਂ ਮੰਤਰਾਲੇ ਨੇ ਹਾਦਸੇ ਦੀ ਜਾਂਚ ਲਈ 4 ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ ਤੇ ਨਾਲ ਹੀ ਲੀਬੀਆ ਸਰਕਾਰ ਨੇ ਜਾਂਚ ਵਿਚ ਸਹਿਯੋਗ ਲਈ ਆਪਣੀ ਟੀਮ ਅੰਕਾਰਾ ਭੇਜਣ ਦਾ ਫੈਸਲਾ ਕੀਤਾ ਹੈ।

Exit mobile version