ਜੀਂਦ ‘ਚ ਗਣਤੰਤਰ ਦਿਵਸ ‘ਤੇ ਕੱਢੀ ਜਾ ਰਹੀ ਟਰੈਕਟਰ ਯਾਤਰਾ ਦੌਰਾਨ ਦਰਦਨਾਕ ਹਾਦਸਾ, ਇੱਕ ਕਿਸਾਨ ਦੀ ਮੌਤ !

ਗਣਤੰਤਰ ਦਿਵਸ ਮੌਕੇ ਕੱਢੀ ਜਾ ਰਹੀ ਕਿਸਾਨ ਟਰੈਕਟਰ ਯਾਤਰਾ ਦੌਰਾਨ ਪਿੰਡ ਰਾਮਰਾਏ ਦੇ ਰਹਿਣ ਵਾਲੇ ਇੱਕ 68 ਸਾਲਾ ਕਿਸਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਹ ਟਰੈਕਟਰ ਯਾਤਰਾ ਪਿੰਡ ਰਾਮਰਾਏ ਤੋਂ ਪਿੰਡ ਗੁਲਕਣੀ ਤੱਕ ਕੱਢੀ ਜਾ ਰਹੀ ਸੀ। ਜ਼ਖਮੀ ਕਿਸਾਨ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਲੈ ਕੇ ਰਾਮਰਾਏ ਪਿੰਡ ਦੇ ਬੱਸ ਅੱਡੇ ‘ਤੇ ਇਕੱਠੇ ਹੋਏ ਸਨ। ਇਸ ਵਿੱਚ ਆਲੇ-ਦੁਆਲੇ ਦੇ ਪਿੰਡਾਂ ਤੋਂ ਇਲਾਵਾ ਹਿਸਾਰ ਦੇ ਪਿੰਡਾਂ ਦੇ ਕਿਸਾਨ ਵੀ ਸ਼ਾਮਲ ਹੋਏ ਸਨ। ਕਿਸਾਨ ਹਰ ਸਾਲ ਗਣਤੰਤਰ ਦਿਵਸ ‘ਤੇ ਟਰੈਕਟਰ ਯਾਤਰਾ ਕੱਢਦੇ ਹਨ। ਪਿੰਡ ਗੁਲਕਣੀ ਵਿੱਚ ਕਿਸਾਨ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ ਅਤੇ ਇਹ ਯਾਤਰਾ ਉੱਥੇ ਹੀ ਜਾਣੀ ਸੀ। ਰਾਮਰਾਏ ਦਾ ਰਹਿਣ ਵਾਲਾ 68 ਸਾਲਾ ਭੀਰਾ ਵੀ ਇੱਕ ਟਰੈਕਟਰ ਵਿੱਚ ਸਵਾਰ ਹੋ ਗਿਆ ਸੀ।

ਜਦੋਂ ਯਾਤਰਾ ਪਿੰਡ ਤੋਂ ਰਵਾਨਾ ਹੋਈ, ਉਸੇ ਸਮੇਂ ਭੀਰਾ ਦਾ ਪੈਰ ਫਿਸਲ ਗਿਆ ਅਤੇ ਉਹ ਪਿੱਛੇ ਆ ਰਹੇ ਇੱਕ ਟਰੈਕਟਰ ਦੇ ਟਾਇਰ ਹੇਠਾਂ ਆ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਕਰੀਬ ਇੱਕ ਘੰਟੇ ਦੇ ਇਲਾਜ ਤੋਂ ਬਾਅਦ ਭੀਰਾ ਨੇ ਦਮ ਤੋੜ ਦਿੱਤਾ। ਜਦੋਂ ਭੀਰਾ ਦੀ ਮੌਤ ਹੋਈ, ਉਦੋਂ ਤੱਕ ਯਾਤਰਾ ਪਿੰਡ ਗੁਲਕਣੀ ਪਹੁੰਚ ਚੁੱਕੀ ਸੀ। ਮੌਤ ਦੀ ਖ਼ਬਰ ਮਿਲਦਿਆਂ ਹੀ ਕਿਸਾਨਾਂ ਨੇ ਆਪਣਾ ਪ੍ਰੋਗਰਾਮ ਉੱਥੇ ਹੀ ਰੋਕ ਦਿੱਤਾ। ਇਸ ਸਮਾਗਮ ਵਿੱਚ ਕਈ ਕਿਸਾਨਾਂ ਦਾ ਸਨਮਾਨ ਕੀਤਾ ਜਾਣਾ ਸੀ, ਪਰ ਹਾਦਸੇ ਕਾਰਨ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।

ਸ਼ਾਮ ਛੇ ਵਜੇ ਪਿੰਡ ਰਾਮਰਾਏ ਵਿੱਚ ਕਿਸਾਨ ਭੀਰਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਭੀਰਾ ਪਿੰਡ ਵਿੱਚ ਹੀ ਖੇਤੀਬਾੜੀ ਕਰਦਾ ਸੀ ਅਤੇ ਕਿਸਾਨੀ ਅੰਦੋਲਨਾਂ ਤੇ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਸੀ। ਭਾਕਿਯੂ (BKU) ਦੇ ਬੁਲਾਰੇ ਰਾਮਰਾਜੀ ਢੁੱਲ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਭੀਰਾ ਦਾ ਬਹੁਤ ਵੱਡਾ ਯੋਗਦਾਨ ਸੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ।

Leave a Reply

Your email address will not be published. Required fields are marked *