ਮੁਹਾਲੀ ਤੇ ਚੰਡੀਗੜ੍ਹ ‘ਚ ਤੇਜ਼ ਹਨੇਰੀ ਤੇ ਬਾਰਿਸ਼ ਦਾ ਕਹਿਰ, ਕਈ ਇਲਾਕਿਆਂ ‘ਚ ਬੱਤੀ ਗੁੱਲ, ਭਾਰੀ ਨੁਕਸਾਨ, 70 ਦੇ ਕਰੀਬ ਥਾਵਾਂ ‘ਤੇ ਡਿੱਗੇ ਦਰੱਖਤ !

ਸ਼ੁੱਕਰਵਾਰ ਸਵੇਰ ਤੋਂ ਚੱਲ ਰਹੀ ਤੇਜ਼ ਹਨੇਰੀ ਅਤੇ ਲਗਾਤਾਰ ਹੋ ਰਹੀ ਬਾਰਿਸ਼ ਨੇ ਮੁਹਾਲੀ ਅਤੇ ਚੰਡੀਗੜ੍ਹ ਵਿਚ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਦੋਵਾਂ ਸ਼ਹਿਰਾਂ ਵਿਚ ਕਰੀਬ 70 ਥਾਵਾਂ ‘ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਇਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਸੈਕਟਰ 77 ਵਰਗੇ ਖੇਤਰਾਂ ਵਿਚ ਤਾਂ ਪੂਰੀ ਰਾਤ ਬੱਤੀ ਗੁੱਲ ਰਹੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਵਾਰ-ਵਾਰ ਫੋਨ ਕਰਨ ’ਤੇ ਵੀ ਅਧਿਕਾਰੀਆਂ ਨੇ ਫੋਨ ਤੱਕ ਨਹੀਂ ਚੁੱਕੇ।

ਜਾਇਦਾਦ ਅਤੇ ਪਸ਼ੂਆਂ ਦਾ ਨੁਕਸਾਨ

ਹਨੇਰੀ ਕਾਰਨ 30 ਤੋਂ ਵੱਧ ਕਾਰਾਂ ਅਤੇ ਹੋਰ ਵਾਹਨਾਂ ਦੇ ਨੁਕਸਾਨੇ ਜਾਣ ਦੀ ਖ਼ਬਰ ਹੈ। ਫੇਜ਼-7 ਦੇ ਰਿਹਾਇਸ਼ੀ ਇਲਾਕੇ ਵਿਚ ਖੰਭੇ ਡਿੱਗਣ ਕਾਰਨ ਕਈ ਗੱਡੀਆਂ ਚਪੇਟ ਵਿਚ ਆ ਗਈਆਂ। ਫੇਜ਼-1 ਥਾਣੇ ਦੇ ਕੋਲ ਦਰੱਖਤ ਡਿੱਗਣ ਕਾਰਨ ਏਅਰਪੋਰਟ ਰੋਡ ਅਤੇ ਫੇਜ਼ 5-7 ਵੱਲ ਜਾਣ ਵਾਲੀ ਟ੍ਰੈਫਿਕ ਲੰਮਾ ਸਮਾਂ ਠੱਪ ਰਹੀ। ਦੁਖਦਾਈ ਘਟਨਾ ਵਿਚ, ਬੜਮਾਜਰਾ ਵਿਖੇ ਬਿਜਲੀ ਦੇ ਖੁੱਲ੍ਹੇ ਜੰਕਸ਼ਨ ਬਾਕਸ ਕਾਰਨ ਪਾਣੀ ਵਿਚ ਕਰੰਟ ਆ ਗਿਆ, ਜਿਸ ਦੀ ਚਪੇਟ ਵਿਚ ਆਉਣ ਨਾਲ ਇਕ ਗਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਵਿਚ ਇਸ ਲਾਪਰਵਾਹੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜਲ-ਥਲ ਹੋਈਆਂ ਸੜਕਾਂ

ਬਾਰਿਸ਼ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਪਾਰਕ ਤਲਾਬ ਦਾ ਰੂਪ ਧਾਰਨ ਕਰ ਗਏ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਦਿਨ ਭਰ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਿਹਾ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਸ਼ਨਿੱਚਰਵਾਰ ਦੇ ਮੌਸਮ ਦੀ ਭਵਿੱਖਬਾਣੀ

ਮੌਸਮ ਵਿਭਾਗ ਦੇ ਅਨੁਸਾਰ, ਸ਼ਨਿਚਰਵਾਰ 24 ਜਨਵਰੀ ਨੂੰ ਮੁਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵਿਚ ਅਸਮਾਨ ਵਿਚ ਜ਼ਿਆਦਾਤਰ ਬੱਦਲਵਾਈ ਰਹੇਗੀ। ਵੱਧ ਤੋਂ ਵੱਧ ਤਾਪਮਾਨ 15°C ਅਤੇ ਘੱਟੋ-ਘੱਟ 8°C ਰਹਿਣ ਦੀ ਸੰਭਾਵਨਾ ਹੈ। ਹਵਾ ਦੀ ਗਤੀ ਕਰੀਬ 6 ਮੀਲ ਪ੍ਰਤੀ ਘੰਟਾ (ਉੱਤਰ-ਪੱਛਮ ਦਿਸ਼ਾ ਤੋਂ) ਰਹੇਗੀ।

Leave a Reply

Your email address will not be published. Required fields are marked *